ਮਿਹਰਬਾਨ
(ਸ਼ਿਵ ਕੁਮਾਰ ਬਟਾਲਵੀ ਦੇ ਸਪੁੱਤਰ ਮਿਹਰਬਾਨ ਵੱਲੋਂ ਲਿਖਿਆ ਗਿਆ ਇਹ ਲੇਖ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰਦਿਆਂ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ – ਸੰ.)
ਵੇਦਾਂ ਵਿਚ ਕਵਿਤਾ ਨੂੰ ਮੰਤਰ ਕਿਹਾ ਗਿਆ ਹੈ। ਕਵਿਤਾ ਆਤਮਾ ਦਾ ਸੰਗੀਤ ਹੈ, ਸ੍ਰਿਸ਼ਟੀ ਦੀ ਸੁੰਦਰਤਾ ਹੈ। ਇਸ ਸੱਚ ਨੂੰ ਦਰਸਾਉਣ ਵਾਲੀ ਮਾਨਵਤਾ ਦੀ ਉਹ ਉਚਤਮ ਅਨੁਭੂਤੀ ਹੈ, ਜਿਹੜੀ ਘੱਟ ਸ਼ਬਦਾਂ ਵਿਚ ਜਜ਼ਬਿਆਂ ਦਾ ਹੜ੍ਹ ਲੈ ਆਉਂਦੀ ਹੈ। ਕਵਿਤਾ ਰਚ ਸਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਨਾ ਹੀ ਇਹ ਕੋਸ਼ਿਸ਼ ਕੀਤਿਆਂ ਰਚੀ ਜਾ ਸਕਦੀ ਹੈ। ਇਹ ਤਾਂ ਰੱਬੀ ਦਾਤ ਹੈ। ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ-ਪ੍ਰੀਤਮ ਦੀ ਮਿਹਰ ਦੀ ਨਿਗ੍ਹਾ ਜਿਸ ਉਤੇ ਹੋਵੇ, ਉਹ ਹੀ ਕਵਿਤਾ ਰਚ ਸਕਦਾ ਹੈ।
ਪੰਜਾਬੀ ਸਾਹਿਤ ਦੇ ਆਰੰਭਕ ਕਾਲ ਤੋਂ ਹੀ ਉਸ ਸੱਚੇ ਪ੍ਰਭੂ ਦੀ, ਪ੍ਰੀਤਮ ਦੀ, ਨਦਰ-ਕਰਮ ਇਸ ਦੇ ਹਰ ਕਾਲ ਵਿਚ ਕਿਸੀ ਨਾ ਕਿਸੀ ਪਰਮ-ਆਤਮਾ ਉੱਤੇ ਹੁੰਦੀ ਰਹੀ ਹੈ। ਇਸ ਪਰਮ-ਆਤਮਾ ਤੋਂ ਪ੍ਰਭੂ ਆਪ ਹੀ ਜੋ ਚਾਹੁੰਦਾ, ਉਹੋ ਲਿਖਵਾਉਂਦਾ। ਕਦੀ ਉਹ ਬਾਬਾ ਫਰੀਦ ਬਣ ਕੇ ਮਸਤੀ ਦੇ ਨਾਚ ਨਚਾਉਂਦਾ ਰਿਹਾ। ਕਦੀ ਉਹ ਵਾਰਿਸ ਬਣ ਕੇ ਪ੍ਰੇਮ-ਕਥਾ ਕਹਾਉਂਦਾ ਰਿਹਾ ਅਤੇ ਕਦੀ ਸ਼ਿਵ ਬਣ ਕੇ ਬਿਰਹਾ ਦੇ ਗੀਤ ਗਾਉਂਦਾ ਰਿਹਾ।
ਇਨ੍ਹਾਂ ਸਾਰੇ ਕਵੀਆਂ ਦੀ ਰਚਨਾ ਵਿਚ ਬਿਰਹਾ ਦਾ ਰੰਗ ਬਹੁਤ ਗੂੜ੍ਹਾ ਹੈ। ਬਾਬਾ ਫ਼ਰੀਦ ਦਾ ਕਥਨ ਹੈ:
ਬਿਰਹਾ ਬਿਰਹਾ ਆਖੀਏ,
ਬਿਰਹਾ ਤੂ ਸੁਲਤਾਨ।।
ਜਿਸ ਤਨ ਬਰਿਹਾ ਨਾ ਉਪਜੈ,
ਸੋ ਤਨ ਜਾਣ ਮਸਾਨ।।
ਗ਼ਮ, ਪੀੜਾ ਅਤੇ ਦਰਦ ਦਾ ਹੀ ਦੂਜਾ ਨਾਮ ਜੀਵਨ ਹੈ। ਬਿਰਹਾ ਵਿਹੂਣਾ ਜੀਵ ਜ਼ਿੰਦਗੀ ਦੇ ਡੂੰਘੇ ਭੇਦ ਜਾਨਣ ਤੋਣ ਸਦਾ ਹੀ ਅਸਮਰਥ ਹੁੰਦਾ ਹੈ, ਉਹ ਅਧੂਰਾ ਹੁੰਦਾ ਹੈ, ਊਣਾ ਹੁੰਦਾ ਹੈ। ਇਹ ਬਿਰਹਾ ਹੀ ਹੈ, ਜੋ ਮਾਨਵ ਹਿਰਦੇ ਨੂੰ ਵਧੇਰੇ ਆਤਮਕ ਬਣਾਉਂਦਾ ਹੈ।
ਆਧੁਨਿਕ ਪੰਜਾਬੀ ਸਾਹਿਤ ਨੂੰ ਚਿਰਾਂ ਤੋਂ ਕਿਸੇ ਬਿਰਹਾ ਦੇ ਕਵੀ ਦੀ ਉਡੀਕ ਸੀ, ਜੋ ਸ਼ਿਵ ਕੁਮਾਰ ਬਟਾਲਵੀ ਨੇ ਪੂਰੀ ਕੀਤੀ। ਜਿਵੇਂ ਵਾਰਿਸ਼ ਸ਼ਾਹ ਨੇ ਆਪਣੇ ਪੀੜਾ ਪਰੁਚੇ ਹਿਜਰ ਨੂੰ ‘ਹੀਰ’ ਦੇ ਕਿੱਸੇ ਵਿਚ ਸਮੁੱਚੀ ਲੋਕਾਈ ਦਾ ਹਿਜਰ ਬਣਾ ਦਿੱਤਾ ਸੀ, ਉਨ੍ਹਾ ਅਰਥਾਂ ਵਿਚ ਹੀ ਸ਼ਿਵ ਨੇ ਆਪਣੀ ਕਵਿਤਾ ਵਿਚ ਬਿਰਹਾ ਨੂੰ ਪ੍ਰਸਤੁਤ ਕੀਤਾ ਹੈ। ਅਜਿਹਾ ਕਰ ਕੇ ਜੋ ਸਫ਼ਲਤਾ ਉਸ ਨੂੰ ਮਿਲੀ ਹੈ, ਉਹ ਹੋਰ ਕਿਸੇ ਪੰਜਾਬੀ ਕਵੀ ਨੂੰ ਪ੍ਰਾਪਤ ਨਹੀਂ ਹੋਈ। ਉਹ ਬੁੱਲੇ ਸ਼ਾਹ ਵਰਗਾ ਮਸਤ ਮਲੰਗ ਅਤੇ ਪ੍ਰੋ. ਪੂਰਨ ਸਿੰਘ ਵਰਗਾ ਅਲਬੇਲਾ ਵਹਿੰਦਾ ਦਰਿਆ ਸੀ। ਸ਼ਾਹ ਮੁਹੰਮਦ ਪਿਛੋਂ ਇਕ ਵਾਰ ਫਿਰ ਬਟਾਲੇ ਸ਼ਹਿਰ ਦਾ ਨਾਂ ਸਾਰੀ ਦੁਨੀਆਂ ਵਿਚ ਸ਼ਿਵ ਨੇ ਉੱਚਾ ਕੀਤਾ ਹੈ।
ਉਹ ਵੀਹਵੀਂ ਸਦੀ ਦੇ ਪਿਛਲੇਰੇ ਅੱਧ ਦਾ ਸ਼੍ਰੋਮਣੀ ਕਵੀ ਹੈ। ਉਸਦੀ ਕਵਿਤਾ ਪੁਰਾਤਨ ਅਤੇ ਆਧੁਨਿਕ ਕਵਿਤਾ ਵਿਚ ਇਕ ਪੁਲ ਦੇ ਨਿਆਈਂ ਹੈ ਜਿਸ ਵਿਚ ਲੋਕ-ਸ਼ਬਦਾਵਲੀ, ਮੁਹਾਵਰੇ, ਅਲੰਕਾਰ, ਉਪਮਾਵਾਂ ਤੇ ਰੂਪਕਾਂ ਨੂੰ ਆਧੁਨਿਕ ਕਾਵਿ ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ। ਉਸ ਨੇ ਆਪਣੀਆਂ ਲਗਭਗ ਸਾਰੀਆਂ ਰਚਨਾਵਾਂ ਵਿਚ ਨਾ ਤਾਂ ਛੰਦਾਬੰਦੀ ਦਾ ਤਿਆਗ ਕੀਤਾ ਹੈ ਤੇ ਨਾ ਹੀ ਪ੍ਰਯੋਗਵਾਦੀ ਕਵੀਆਂ ਦੀ ਤਰ੍ਹਾਂ ਆਪਣੇ ਭਾਵਾਂ ਨੂੰ ਬੇਮੁਹਾਰਾ ਹੋਣ ਦਿੱਤਾ ਹੈ। ਇਹੋ ਕਾਰਨ ਹੈ ਕਿ ਉਸਦੀ ਕਿਵਤਾ ਵਿਚ ਸੁਰ, ਸ਼ਿੰਗਾਰ ਤੇ ਰਸ ਦਿੰਨਾਂ ਦਾ ਸੁਮੇਲ ਪ੍ਰਤੱਖ ਦਿਖਾਈ ਦਿੰਦਾ ਹੈ। ਇਨ੍ਹਾਂ ਗੁਣਾਂ ਕਾਰਨ ਹੀ ਉਹ ਇਕ ਪ੍ਰਭਾਵਸ਼ਾਲੀ ਕਵੀ ਹੈ ਜਿਸਦੀ ਰਚਨਾ ਦਾ ਇਕ-ਕ ਸ਼ਬਦ, ਹਰ ਇਕ ਤੁਕ ਪਾਠਕਾਂ ਦੇ ਹਿਰਦੇ ਵਿਚ ਡੂੰਘੀ ਉਤਰ ਜਾਂਦੀ ਹੈ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆ ਤਹਿ. ਸ਼ੱਕਰਗੜ੍ਹ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਉਹ ਆਪਣੇ ਮਾਪਿਆਂ ਦੀ ਦੂਜੀ ਸੰਤਾਨ ਸੀ। ਸ਼ਿਵ ਦੇ ਤਿੰਨ ਭਰਾ ਤੇ ਦੋ ਭੈਣਾਂ ਸਨ। ਕੌਣ ਕਹਿ ਸਕਦਾ ਸੀ ਕਿ ਇਸ ਛੋਟੇ ਜਿਹੇ ਅਗਿਆਤ ਪਿੰਡ ਬੜਾ ਪਿੰਡ ਲੋਹਟੀਆਂ ਦਾ ਜੰਮਪਲ ਇਹ ਬਾਲਕ ਇਕ ਦਿਨ ਸਮੁੱਚੇ ਪੰਜਾਬੀ ਜਗਤ ਵਿਚ ਸੂਰਚ ਬਣਕੇ ਚਮਕੇਗਾ?
ਸ਼ਿਵ ਦੇ ਜਨਮ ਸਮੇਂ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪੰਜਾਬ ਦੇ ਮਹਿਕਮਾ ਮਾਲ ਵਿਚ ਪਟਵਾਰੀ ਲੱਗੇ ਹੋਏ ਸਨ। ਮਾਂ ਸ਼ਾਂਤੀ ਦੇਵੀ ਨੇ ਜਦੋਂ ਬਾਲ ਨੂੰ ਪਹਿਲੀ ਵਾਰ ਤੱਕਿਆ ਤਾਂ ਉਹ ਘੂਕ ਸੁੱਤਾ ਪਿਆ ਸੀ। ਉਸਦੇ ਅਰਧ-ਖੁੱਲ੍ਹੇ ਨੈਣਾਂ ਤੋਂ ਜਾਪ ਰਿਹਾ ਸੀ ਕਿ ਉਹ ਤ੍ਰਿਲੋਚਨ ਪ੍ਰਭੂ ਸ਼ਿਵ ਦਾ ਹੀ ਸਰੂਪ ਹੈ। ਮਮਤਾ ਵਿਚ ਭਿੱਜੀ ਮਾਂ ਨੇ ਉਸਦਾ ਨਾਂ ਸ਼ਿਵ ਰੱਖ ਦਿੱਤਾ। ਉਸ ਭੋਲੀ ਮਾਂ ਨੂੰ ਕੀ ਪਤਾ ਸੀ ਕਿ ਇਸ ਬਾਲ਼ ਨੂੰ ਆਪਣੇ ਨਾਮ ਜਿਹਾ ਹੀ ਸ਼ਿਵ-ਕਰਮ ਕਰਨਾ ਪਵੇਗਾ? ਦੇਵ-ਲੋਕ ਦੇ ਸ਼ਿਵ ਨੂੰ ਖੀਰ-ਸਾਗਰ ਮੰਥਨ ਵੇਲੇ ਨਿਕਲੇ ਵਿਸ਼ ਨੂੰ ਪੀਣਾ ਪਿਆ ਸੀ ਅਤੇ ਮਾਤ ਲੋਕ ਦੇ ਸ਼ਿਵ ਨੇ ਬਿਰਹਾ ਰੂਪੀ ਬਿਖ ਨੂੰ ਅੰਮ੍ਰਿਤ ਜਾਣ ਕੇ ਆਪਣੇ ਹੋਠੀਂ ਲਾਇਆ। ਦੇਵ-ਲੋਕ ਦੇ ਸ਼ਿਵ ਨੂੰ ਬਿਖ-ਅਗਨੀ ਦੇ ਨਿਵਾਰਨ ਲਈ ਚੰਦਰਮਾ ਦੀ ਸੀਤਲਤਾ ਮਿਲੀ ਅਤੇ ਮਾਤ-ਲੋਕ ਦੇ ਸ਼ਿਵ ਨੂੰ ਇਹ ਸ਼ੀਤਲਤਾ ਕਾਵਿ ਰੂਪ ਵਿਚ ਪ੍ਰਾਪਤ ਹੋਈ।
ਬੜਾ ਪਿੰਡ ਲੋਹਟੀਆਂ ਸ਼ੱਕਰਗੜ੍ਹ ਤਹਿਸੀਲ ਵਿਚ ਹੈ। ਇਸ ਇਲਾਕੇ ਦੀ ਬੋਲੀ ਵੀ ਸ਼ੱਕਰ ਸ਼ਹਿਦ ਜਿਹੀ ਮਿੱਠੀ ਤੇ ਰਸੀਲੀ ਹੈ। ਸ਼ਿਵ ਦੇ ਜਨਮ ਸਮੇਂ ਉਸਦੇ ਪਿੰਡ ਵਿਚ ਪੰਜਾਬ ਦੇ ਹੋਰ ਪਿੰਡਾਂ ਸਮਾਨ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਸਾਰੇ ਇਕ ਸਾਂਝੇ ਭਾਈਚਾਰੇ ਵਿਚ ਇਕ ਦੂਜੇ ਵਿਚ ਘਿਓ ਸ਼ੱਕਰ ਸਨ। ਉਹਦੇ ਪਿੰਡ ਵਿਚ ਧਰਮ ਤੇ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਸੀ। ਸ਼ਿਵ ਦਾ ਬਚਪਨ ਇਨ੍ਹਾਂ ਮਿੱਠ-ਬੋਲੜੇ ਲੋਕਾਂ ਵਿਚ ਨੰਗੇ ਪੈਰੀਂ ਫਿਰਦਾ ਰਹਿੰਦਾ। ਉਸਨੇ ਨਾ ਕਦੇ ਜੇਠ ਹਾੜ੍ਹ ਦੀਆਂ ਧੁੱਪਾਂ ਦੀ ਪਰਵਾਹ ਕੀਤੀ ਸੀ ਅਤੇ ਨਾ ਹੀ ਕਦੇ ਉਸਨੂੰ ਪੋਹ ਮਾਘ ਵਿਚ ਪਾਲਾ ਲੱਗਦਾ ਸੀ। ਉਹ ਪਿੰਡ ਦੇ ਹੋਰ ਖੁੱਲ੍ਹੇ-ਡੁੱਲ੍ਹੇ ਮੌਜ ਮੇਲਾ ਕਰਨ ਵਾਲੇ ਮੁੰਡਿਆਂ ਦੀ ਢਾਣੀ ਦਾ ਸਰਦਾਰ ਸੀ।
ਪਿੰਡ ਵਿਚ ਕਿਤੇ ਵੀ ਕੁਝ ਹੋਵੇ, ਸ਼ਿਵ ਉਥੇ ਸਭ ਤੋਂ ਅੱਗੇ ਖੜ੍ਹਾ ਹੁੰਦਾ। ਭਾਵੇਂ ਵਿਆਹ ਹੁੰਦਾ ਜਾਂ ਮਾਤਮ, ਰਾਸ ਪੈਂਦੀ ਜਾਂ ਰਾਮ ਲੀਲ੍ਹਾ ਹੁੰਦੀ, ਰਿੱਛਾਂ ਦਾ ਕੋਈ ਤਮਾਸ਼ਾ ਹੁੰਦਾ ਜਾਂ ਮਦਾਰੀ ਦਾ ਖੇਲ ਜਾਂ ਪਿੰਡ ਵਿਚ ਕੋਈ ਫਕੀਰ ਆਇਆ ਹੁੰਦਾ… ਸ਼ਿਵ ਸਭ ਦੀਆਂ ਹਰਕਤਾਂ ਅਤੇ ਗੱਲ-ਕਥਾ ਧਿਆਨ ਨਾਲ ਦੇਖਦਾ ਸੁਣਦਾ, ਉਸਨੇ ਪੰਜਾਬ ਦੇ ਲੋਕ ਗੀਤ, ਤ੍ਰਿਝੰਣ ਦੇ ਗੀਤ, ਮਾਹੀਆ, ਟੱਪੇ, ਢੋਲਾ, ਸੱਦ ਬਿਰਹੜੇ, ਲੋਰੀਆਂ, ਸੁਹਾਗ, ਘੋੜੀਆਂ ਅਤੇ ਸਿੱਠਣੀਆਂ ਆਪਣੇ ਪਿੰਡ ਦੀਆਂ ਸਿੱਧੀਆਂ ਸਾਦੀਆਂ ਅਨਪੜ੍ਹ ਤ੍ਰੀਮਤਾਂ ਕੋਲੋਂ ਸੁਣ-ਸੁਣ ਕੇ ਰਟ ਲਏ ਸਨ। ਕੋਈ ਰਸਤਾ ਫ਼ਕੀਰ ਭਜਨ ਗਾ ਕੇ ਸਾਰੇ ਪਿੰਡ ਵਿਚੋਂ ਭਿੱਖਿਆ ਮੰਗਦਾ ਤਾਂ ਉਹ ਵੀ ਉਸ ਦੇ ਪਿੱਛੇ ਪਿੱਛੇ ਤੁਰਿਆ ਰਹਿੰਦਾ। ਜਦੋਂ ਤੱਕ ਕਿ ਉਹ ਦੂਜੇ ਪਿੰਡ ਦਾ ਰਾਹ ਨਾ ਫੜ ਲੈਂਦਾ। ਫਿਰ ਉਹ ਵੀ ਉਸ ਦੀਆਂ ਗਾਈਆਂ ਧੁਨਾਂ ਨੂੰ ਗਾਉਂਦਾ ਰਹਿੰਦਾ। ਪਿੰਡਾਂ ਦੀ ਸਾਦਗੀ ਭਰੀ ਰਹਿਣੀ-ਬਹਿਣੀ ਰਹੁ-ਰੀਤਾਂ, ਵਿਸ਼ਵਾਸ ਅਤੇ ਖੁੱਲ੍ਹੀ-ਡੁੱਲ੍ਹੀ ਮੁਹਾਵਰੇਦਾਰ ਬੋਲੀ ਸ਼ਿਵ ਦਾ ਜੀਵਨ ਢੰਗ ਬਣ ਗਈ ਸੀ। ਏਥੇ ਹੀ ਉਹ ਪੰਜਾਬ ਦੇ ਸਭਿਆਚਾਰ ਨਾਲ ਜੁੜ ਗਿਆ।
ਸ਼ਿਵ ਦਾ ਗਲਾ ਛੋਟੀ ਉਮਰ ਤੋਂ ਹੀ ਸੁਰੀਲਾ ਸੀ। ਉਸਦੀ ਆਵਾਜ਼ ਵਿਚ ਅਤਿ ਦਾ ਦਰਦ ਸੀ। ਸਾਥੀ ਬੇਲੀ ਉਸਨੂੰ ਆਨੇ-ਬਹਾਨੇ ਘਰ ਲੈ ਜਾਂਦੇ। ਉਹ ਉਸਨੂੰ ਕੋਈ ਲੋਕ ਗੀਤ ਸੁਣਾਉਣ ਲਈ ਕਹਿੰਦੇ। ਸ਼ਿਵ ਆਪਣੀ ਦਰਦ ਭਿੱਜੀ ਆਵਾਜ਼ ਵਿਚ ਜਦੋਂ ਹੀਰ ਜਾਂ ਮਾਹੀਏ ਦੇ ਟੱਪੇ ਗਾਉਣ ਲੱਗਦਾ ਤਾਂ ਸਭ ਉਸਦੀ ਸੁਰੀਲੀ ਆਵਾਜ਼ ਸੁਣਗੇ ਝੂੰਮਂ ਲੱਗ ਪੈਂਦੇ। ਪਿੰਡ ਦੇ ਲੋਕਾਂ ਨੇ ਪਿੰਡ ਦੇ ਇਕ ਮਸਤ ਮਲੰਗ ਦੇ ਨਾਂ ’ਤੇ ਉਸਦਾ ਨਾ ‘ਮੰਦੋ ਮਲੰਗ’ ਪਾ ਦਿੱਤਾ ਸੀ।
ਸ਼ਿਵ ਦੇ ਪਿੰਡ ਦੀ ਵੱਖੀ ਨੂੰ ਲੱਗ ਕੇ ਇਕ ਛੋਟੀ ਜਿਹੀ ਨਦੀ ਵਸੰਤਰ ਵਗਦੀ ਸੀ। ਉਹ ਆਪਣੇ ਹਾਣੀ ਮੁੰਡਿਆ-ਕੁੜੀਆਂ ਦਾ ਮੋਹਰੀ ਬਣ ਕੇ ਦਿਨ ਚੜ੍ਹੇ ਨਦੀ ਦੇ ਕੰਢੇ ਜਾ ਪੁੱਜਦਾ। ਉਹ ਉਥੇ ਬੁੱਢੀ ਮਾਈ ਦੇ ਝਾਟੇ ਉਡਾਉਂਦਾ, ਟਿੱਡੇ ਫੜਦਾ, ਚਿੱਟੀ ਰੇਤ ਤੇ ਘੋਗਿਆਂ ਸਿੱਪੀਆਂ ਨਾਲ ਪਈਆਂ ਲਕੀਰਾਂ ਅਤੇ ਚਿੜੀਆਂ ਘੁੱਗੀਆਂ ਦੀਆਂ ਪੈੜਾਂ ਮਗਰ ਨੱਸਦਾ ਫਿਰਦਾ। ਨਦੀ ਵਿਚੋਂ ਰੰਗ-ਬਰੰਗੇ ਪੱਥਰ ’ਕੱਠੇ ਕਰਦਾ, ਰੇਤ ਵਿਚ ਪੈਰ ਦੱਬ ਕੇ ਸੁਹਣਾ ਜਿਹਾ ਘਰ ਬਣਾਉਂਦਾ, ਉਸ ਨੂੰ ਲਿੱਪਦਾ ਚੋਪੜਦਾ, ਫਿਰ ਆਪ ਹੀ ਉਸਨੂੰ ਢਾਹ ਦਿੰਦਾ।
ਦੁਪਿਹਰ ਵੇਲੇ ਉਹ ਬਾਗਾਂ ਵਿਚ ਜਾ ਵੜਦਾ। ਗਰਮੀਆਂ ਦੀਆਂ ਤਪਦੀਆਂ ਦੁਪਿਹਰਾਂ ਹੁੰਦੀਆਂ ਤਾਂ ਮਿੱਠੜੇ ਬੋਲ ਸੁਣਦਾ ਅਤੇ ਸ਼ਹਿਦ ਤੋਂ ਵੀ ਮਿੱਠੇ ਅੰਬ ਚੂਪਦਾ। ਜੇ ਸਾਉਣ ਦੀਆਂ ਦੁਪਿਹਰਾਂ ਹੁੰਦੀਆਂ ਤਾਂ ਪੇਕੇ ਆਈਆਂ ਪਿੰਡ ਦੀਆਂ ਮੁਟਿਆਰਾਂ ਨਾਲ ਤੀਆਂ ਮਨਾਉਂਦਾ, ਗੀਤ ਗਾਉਂਦਾ, ਪਿੱਪਲਾਂ ’ਤੇ ਪਾਈਆਂ ਪੀਂਘਾਂ ਝੂਟਦਾ। ਜੇ ਸਰਦੀਆਂ ਦੀਆਂ ਦੁਪਿਹਰਾਂ ਹੁੰਦੀਆਂ ਤਾਂ ਉਹ ਸ਼ਤੂਤਾਂ, ਟਾਲ੍ਹੀਆਂ ਅਤੇ ਧਰੇਕਾਂ ਦੇ ਛਾਂਗੇ ਹੋਏ ਰੁੱਖਾਂ ਹੇਠ ਬੈਠ ਕੇ ਨਿੱਘੀ-ਨਿੱਘੀ ਧੁੱਪ ਸੇਕਦਾ।
ਸ਼ਾਮ ਢਲੇ ਉਹ ਪਿੰਡ ਦੇ ਬਾਹਰਵਾਰ ਲੱਗੇ ਪਿੱਪਲ ਦੇ ਦੁਆਲੇ ਬਣੇ ਥੜ੍ਹੇ ’ਤੇ ਆ ਬਹਿੰਦਾ। ਹੋਰ ਮੁੰਡੇ ਤਾਂ ਏਧਰ-ਓਧਰ ਭੱਜੇ ਫਿਰਦੇ ਪਰ ਸ਼ਿਵ ਉਥੇ ਹੀ ਬੈਠ ਕੇ ਕੁੜੀਆਂ ਨਾਲ ਗੀਟ੍ਹੇ ਖੇਡਦਾ। ਅਚਾਨਕ ਹੀ ਕੋਈ ਮੁੰਡਾ ਰੌਲਾ ਪਾ ਦਿੰਦਾ “ਮਾਲ ਆ ਗਿਆ। ਮਾਲ ਆ ਗਿਆ” ਸਾਰੇ ਬੱਚੇ ਥੜ੍ਹੇ ਉਤੇ ਜਾ ਚੜ੍ਹਦੇ। ਉਨ੍ਹਾਂ ਦੇ ਕੋਲ ਦੀ ਸਾਰੇ ਪਿੰਡ ਦਾ ਮਾਲ ਡੰਗਰ ਧੂੜ ਉਡਾਉਂਦਾ ਹੋਇਆ ਲੰਘਦਾ। ਬੱਚਿਆਂ ਵਿਚੋਂ ਹਰ ਕੋਈ ਆਪਣਾ-ਆਪਣਾ ਪਸ਼ੂ ਲੱਭਦਾ ਅਤੇ ਦਿਸਦਿਆਂ ਸਾਰ ਹੀ ਉੱਚੀ-ਉੱਚੀ ਬੋਲਦਾ ‘ਅਹੁ ਆ ਗਈ ਸਾਡੀ ਮੱਝ, ਅਹੁ ਆ ਗਈ ਸਾਡੀ ਗਾਂ..।” ਪਰ ਸ਼ਿਵ ਨੂੰ ਲੰਬੜਾਂ ਦੇ ਬਲਦਾਂ ਦੀ ਜੋੜੀ ਚੰਗੀ ਲੱਗਦੀ। ਲੰਬੜਾਂ ਦਾ ਮੁੰਡਾ ਜਦੋਂ ਸੁਹਾਗਾ ਫੇਰਦਾ ਤਾਂ ਸ਼ਿਵ ਸੁਹਾਗੇ ’ਤੇ ਬਹਿ ਕੇ ਝੂਟੇ ਲੈਂਦਾ ਨਾ ਥੱਕਦਾ।
ਫਿਰ ਸਾਰੇ ਬੱਚੇ ਆਪਣੀ ਆਪਣੀ ਆਹਰ ਲੱਗ ਜਾਂਦੇ ਪਰ ਸ਼ਿਵ ਪਿੱਪਲ ਵੱਲ ਨੀਝ ਲਾ ਕੇ ਤੱਕਦਾ ਰਹਿੰਦਾ। ਪਿੱਪਲ ਉੱਤੇ ਕਈ ਤਰ੍ਹਾਂ ਦੇ ਪੰਛੀਆਂ ਦੇ ਆਹਲਣੇ ਹੁੰਦੇ। ਸ਼ਾਮ ਹੁੰਦਿਆਂ ਹੀ ਸਭ ਪੰਛੀ ਆਪਣੇ ਆਪਣੇ ਟਿਕਾਣੇ ਬਹਿਣ ਲੱਗਦੇ। ਚਿੜੀਆਂ ਆਪਣਾ ਚੀਕ ਚਿਹਾੜਾ ਪਾ ਦਿੰਦੀਆਂ। ਤੋਤੇ ਪਿੱਪਲ ਦੇ ਤਣੇ ਵਿਚ ਬਣਾਈਆਂ ਖੋੜਾਂ ਵਿਚੋਂ ਆਪਣਾ ਸਿਰ ਬਾਹਰ ਕੱਢ ਕੇ ਟਾਏਂ-ਟਾਏਂ ਕਰੀ ਜਾਂਦੇ। ਪਤਾ ਨਹੀਂ ਸਾਰੇ ਪੰਛੀ ਆਪਸ ਵਿਚ ਕੀ ਕੀ ਗੱਲਾਂ ਕਰਦੇ। ਕਿਸੇ ਮੁੰਡੇ ਕੁੜੀ ਨੂੰ ਉਸ ਦੀ ਬੋਲੀ ਨਾ ਆਉਂਦੀ ਪਰ ਸ਼ਿਵ ਉਨ੍ਹਾਂ ਦੀਆਂ ਗੱਲਾਂ ਸੁਣਦਾ ਵੀ ਅਤੇ ਉਨ੍ਹਾਂ ਨਾਲ ਗੱਲਾਂ ਕਰਦਾ ਵੀ।
ਸ਼ਿਵ ਘਰੋਂ ਝੋਲੀ ਭਰਕੇ ਦਾਣੇ ਲੈ ਆਉਂਦਾ। ਸਾਰੇ ਹਾਣੀ ਰਲਕੇ ਭੱਠੀ ’ਤੇ ਦਾਣੇ ਭੁਨਾਉਣ ਜਾਂਦੇ। ਜਦ ਭੱਠੀ ਵਾਲੀ ਆਪਣਾ ਭਾੜਾ ਕੱਢਦੀ ਤਾਂ ਸ਼ਿਵ ਨੂੰ ਲਗਦਾ “ਹਾਏ! ਥੋੜ੍ਹੇ ਦਾਣੇ ਕੱਢੇ, ਕਿਤੇ ਬਹੁਤੇ ਨਾ ਲੈ ਲਵੇ।” ਪਰ ਉਸ ਮਾਸੂਮ ਨੂੰ ਕੀ ਪਤਾਸੀ ਕਿ ਉਸਨੂੰ ਕਵੀ ਬਣਕੇ ਦਾਣਿਆਂ ਦੀ ਥਾਂ ਹੰਝੂਆਂ ਦਾ ਭਾੜਾ ਦੇਣਾ ਪਵੇਗਾ :-
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ।
ਜਦੋਂ ਪਿੰਡ ਵਿਚ ਕਿਸੇ-ਕਿਸੇ ਘਰ ਦੀਵਾ ਬਲਣ ਲਗਦਾ ਤਾਂ ਉਹ ਘਰ ਮੁੜਦਾ। ਰੋਟੀ ਟੁੱਕ ਖਾ ਕੇ ਉਹ ਘਰ ਦੇ ਧੁਰ ਕੋਠੇ ਮੰਜੀ ਡਾਹ ਕੇ ਮੱਸਿਆ ਦਾਂ ਕਾਲੀਆਂ ਰਾਤਾਂ ਵਿਚ ਟਿਮਟਿਮਾਉਂਦੇ ਤਾਰਿਆਂ ਨੂੰ ਤੱਕਦਾ ਰਹਿੰਦਾ ਅਤੇ ਏਕਮ ਦੇ ਚੰਨ ਤੋਂ ਲੈ ਕੇ ਪੂਰਨਮਾਸ਼ੀ ਦੇ ਚੰਨ ਨੂੰ ਬੱਦਲੀਆਂ ਓਹਲੇ ਲੁਕਣਮੀਟੀ ਖੇਡਦਿਆਂ ਤੱਕ-ਤੱਕ ਕੇ ਕਈ ਵਾਰ ਤਾਂ ਸਾਰੀ-ਸਾਰੀ ਰਾਤ ਹੀ ਜਾਗਦਿਆਂ ਲੰਘਾ ਦਿੰਦਾ।
ਸ਼ਿਵ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਉਹ ਚੌਥੀ ਜਮਾਤ ਵਿਚ ਵਜ਼ੀਫ਼ਾ ਲੈ ਕੇ ਪਾਸ ਹੋਇਆ। ਇਨ੍ਹੀਂ ਦਿਨੀਂ ਉਸਦੇ ਪਿਤਾ ਡੇਰਾ ਬਾਬਾ ਨਾਨਕ ਗਿਰਦੌਰ ਲੱਗੇ ਹੋਏ ਸਨ। ਪਿਤਾ ਨੇ ਆਪਣੇ ਹੋਣਬਾਰ ਪੁੱਤਰ ਨੂੰ ਪੜ੍ਹਾਈ ਕਰਨ ਲਈ ਡੇਰਾ ਬਾਬਾ ਨਾਨਗ ਬੁਲਾ ਲਿਆ। ਹੁਣ ਉਸਨੇ ਪੰਜਵੀਂ ਛੇਵੀਂ ਪਾਸ ਕਰ ਲਈ ਸੀ। ਛੁੱਟੀਆਂ ਬਿਤਾਉਣ ਲਈ ਉਹ ਆਪਣੇ ਪਿੰਡ ਆਇਆ ਹੋਇਆ ਸੀ ਜਦੋਂ 1947 ਦੀ ਦੇਸ਼ ਵੰਡ ਦਾ ਘੱਲੂ ਘਾਰਾ ਵਾਪਰਿਆ। ਉਸ ਗਿਆਰਾਂ ਸਾਲ ਦੇ ਬਾਲ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਗਲੀਆਂ ਵਿਚ ਉਹ ਭੱਜਿਆ ਫਿਰਦਾ ਹੈ, ਜਿਨ੍ਹਾਂ ਘਰਾਂ ਨਾਲ ਉਸਦੀ ਪੱਕੀ-ਪੀਢੀ ਸਾਂਝ ਹੈ, ਉਹ ਸਭ ਪਿੱਛੇ ਰਹਿ ਜਾਣਗੇ ਅਤੇ ਉਸ ਨੂੰ ਆਪਣੀ ਜਨਮ ਭੂਮੀ ਨੂੰ ਸਦਾ ਲਈ ਛੱਡਣਾ ਪਵੇਗਾ।
ਸ਼ਿਵ ਨੇ ਹਰ ਪਾਸੇ ਦੰਗੇ ਫਸਾਦ ਹੁੰਦੇ ਤੱਕੇ। ਹਿੰਦੂ, ਸਿੱਖ, ਮੁਸਲਮਾਨਾਂ ਨੂੰ ਇੱਕ ਦੂਜੇ ਦੇ ਖ਼ੂਨ ਵਿਚ ਹੱਥ ਰੰਗਦੇ ਵੇਖਿਆ। ਘਰੋਂ ਬੇਘਰ ਹੋਏ ਪਰਿਵਾਰ ਤੱਕੇ, ਜਿਨ੍ਹਾਂ ਦੇ ਹੱਸਦੇ-ਖੇਡਦੇ ਘਰ ਪਲਾਂ-ਛਿਣਾਂ ਵਿਚ ਸੜ ਕੇ ਸੁਆਹ ਹੋ ਗਏ ਸਨ। ਧੀਆਂ, ਭੈਣਾਂ ਤੇ ਮਾਵਾਂ ਦੀ ਪੱਤ ਰੁਲਦੀ ਵੇਖੀ। ਗੋਲੀਆਂ ਚਲਦੀਆਂ, ਤਲਵਾਰਾਂ ਵਰ੍ਹਦੀਆਂ, ਗੰਡਾਸੇ, ਭਾਲੇ ਲਿਸ਼ਕਦੇ ਅਤੇ ਖ਼ੂਨ ਨਾਲ ਲਾਲ ਸੁਰਖ਼ ਹੋਏ ਗਲੀ ਮੁਹੱਲੇ ਤੱਕੇ। ਉਹ ਭਰਾ ਜਿਹੜੇ ਕਦੇ ਇਕ ਦੂਜੇ ਨਾਲ ਦਿਨਾਂ-ਤਿਉਹਾਰਾਂ ’ਤੇ ਵਰਤਦੇ ਸਨ, ਹੁਣ ‘ਹਰਿ ਹਰਿ ਮਹਾਂਦੇਵ’ ‘ਅੱਲ੍ਹਾ ਹੁ ਅਕਬਰ’ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਉਂਦੇ ਇਕ ਦੂਜੇ ਦਾ ਕਤਲ ਕਰਦੇ ਆਪਣੀਆਂ ਹੀ ਧੀਆਂ-ਭੈਣਾਂ ਨੂੰ ਵਿਧਵਾ ਕਰਦੇ ਵੇਖੇ। ਬੇਗੁਨਾਹ ਲੋਕਾਂ ਦੇ ਲਹੂ ਨਾਲ ਖੇਡੀ ਗਈ ਇਸ ਭਿਅੰਕਰ ਹੋਲੀ ਦਾ ਸ਼ਿਵ ਦੇ ਬਾਲ ਹਿਰਦੇ ’ਤੇ ਡੂੰਘਾ ਅਸਰ ਹੋਇਆ। ਸ਼ਿਵ ਬੀਮਾਰ ਪੈ ਗਿਆ। ਬੀਮਾਰੀ ਦੀ ਹਾਲਤ ਵਿਚ ਹੀ ਉਹ ਆਪਣੇ ਸਾਰੇ ਪਰਿਵਾਰ ਸਮੇਤ ਡੇਰਾ ਬਾਬਾ ਨਾਨਕ ਪੁੱਜਿਆ। ਹਾਲਾਤ ਇਧਰ ਵੀ ਉਹੋ ਜਿਹੇ ਹੀ ਸਨ ਜਿਵੇਂ ਸਰਹੱਦ ਉਸ ਪਾਰ। ਇਹੀ ਸਮਾਂ ਸੀ ਜਦੋਂ ਸ਼ਿਵ ਨੇ ਸੁਪਨਿਆਂ ਭਰੇ ਮਾਸੂਮ ਬਚਪਨ ਦਾ ਪੱਲਾ ਛੱਡ ਕੇ ਪਹਿਲੀ ਵਾਰ ਬੇਰਹਿਮ ਦੁਨੀਆਂ ਨੂੰ ਸੱਚ ਦੀ ਨਜ਼ਰ ਨਾਲ ਤੱਕਿਆ।
1949 ਵਿਚ ਪਿਤਾ ਦੀ ਬਦਲੀ ਬਟਾਲੇ ਹੋ ਗਈ। ਸ਼ਿਵ ਵੀ ਪਰਿਵਾਰ ਸਮੇਤ ਬਟਾਲੇ ਮੁਹੱਲਾ ਪ੍ਰੇਮ ਨਗਰ ਆ ਗਿਆ। ਉਹ ਸੱਤਵੀਂ ਜਮਾਤ ਵਿਚ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਵਿਚ ਦਾਖਲ ਹੋ ਗਿਆ ਅਤੇ 1953 ਵਿਚ ਦਸਵੀਂ ਪਾਸ ਕਰਕੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ.ਐਸ.ਸੀ. ਦੀ ਪੜ੍ਹਾਈ ਕਰਨ ਲੱਗਾ।
ਇਹ ਸਮਾਂ ਸ਼ਿਵ ਦੀ ਭਰ ਜਵਾਨੀ ਦੇ ਭਰ ਜੋਬਨ ਦਾ ਸੀ। ਉਹ ਕਾਲਜ ਵਿਚ ਕਾਹਦਾ ਦਾਖਲ ਹੋਇਆ, ਉਹ ਤਾਂ ਜਿਵੇਂ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਵੜਿਆ। ਉਸ ਦਾ ਮਾਣ ਸਤਿਕਾਰ ਜੋਗੀ ਵਾਂਗ ਹੋਣ ਲੱਗਾ। ਜਦੋਂ ਉਹ ਇਕ ਬਾਂਹ ਉੱਚੀ ਕਰਕੇ ਕੰਨਾਂ ਨੇੜੇ ਹੱਥ ਧਰਕੇ ਕੋਈ ਗੀਤ ਗਾਉਂਦਾ ਤਾਂ ਇਉਂ ਜਾਪਦਾ ਜਿਵੇਂ ਅਲਖ ਜਗਾ ਰਿਹਾ ਹੋਵੇ। ਉਸ ਦੀ ਦਰਦ ਭਰੀ ਆਵਾਜ਼ ਸੁਣ ਕੇ ਮੁੰਡੇ-ਕੁੜੀਆਂ ਚਿੱਤ ਹੋ ਜਾਂਦੇ। ਉਹ ਕਾਲਜ ਜਾਂਦਾ ਤਾਂ ਹਰ ਹਰ ਪਾਸਿਓਂ ‘ਸ਼ਿਵ ਸ਼ਿਵ’ ਦੀਆਂ ਆਵਾਜ਼ਾਂ ਆਉਣ ਲੱਗਦੀਆਂ। ਉਹ ਜਿਥੇ ਜਾਂਦਾ, ਉਥੇ ਉਸਦੇ ਪ੍ਰਸੰਸਕ ਹੀ ਪ੍ਰਸੰਸਕ ਹੁੰਦੇ। ਅਜੇ ਉਹ ਕਵੀ ਨਹੀਂ ਬਣਿਆ ਸੀ ਪਰ ਉਸ ਅੰਦਰ ਸੱਚਾ ਕਵੀ ਜਾਗ ਰਿਹਾ ਸੀ। ਉਨ੍ਹੀਂ ਦਿਨੀਂ ਉਹ ਕਦੀ-ਕਦੀ ਆਪਣੀਆਂ ਤੁਕਾਂ ਜੋੜਕੇ ਵੀ ਸਾਥੀ ਵਿਦਿਆਰਥੀਆਂ ਨੂੰ ਸੁਣਾਉਂਦਾ।
ਸ਼ਿਵ ਨੇ ਸਾਇੰਸ ਲੈ ਰੱਖੀ ਸੀ ਪਰ ਉਸਦਾ ਪੜ੍ਹਾਈ ਵਿਚ ਜੀਣ ਨਾ ਲੱਗਦਾ। ਉਸਨੂੰ ਇਹ ਵਿਸ਼ਾ ਰੁੱਖਾ-ਰੁੱਖਾ ਜਾਪਦਾ। ਜਦੋਂ ਇਮਤਿਹਾਨਾਂ ਦਾ ਸਮਾਂ ਆਇਆ ਤਾਂ ਉਹ ਪਰਚੇ ਦੇਣ ਨਾ ਗਿਆ। ਜਦੋਂ ਪਿਤਾ ਨੂੰ ਇਹ ਖ਼ਬਰ ਮਿਲੀ ਤਾਂ ਉਹ ਬਹੁਤ ਦੁਖੀ ਹੋਏ। ਉਨ੍ਹਾਂ ਨੂੰ ਆਪਣੇ ਲਾਇਕ ਪੁੱਤਰ ’ਤੇ ਬਹੁਤ ਆਸਾਂ ਸਨ। ਉਹ ਚਾਹੁੰਦੇ ਸਨ ਕਿ ਉਹ ਇੰਜੀਨੀਅਰ ਬਣੇ। ਪਰ ਸ਼ਿਵ ਨੇ ਸਾਇੰਸ ਛੱਡ ਕੇ ਸਿੱਖ ਨੈਸ਼ਨਲ ਕਾਲਜ, ਕਾਦੀਆਂ, ਆਰਟਸ ਦੀਆਂ ਸ਼੍ਰੇਣੀਆਂ ਵਿਚ ਜਾ ਦਾਖਲਾ ਲਿਆ। ਉਸਦਾ ਉਥੇ ਵੀ ਜੀਣ ਨਾ ਲੱਗਿਆ ਤੇ ਉਸਨੇ ਇਥੇ ਵੀ ਇਮਤਿਹਾਨ ਨਾ ਦਿੱਤੇ। ਪਿਤਾ ਨੇ ਪਾਣੀ ਸਿਰੋਂ ਲੰਘਦਾ ਪੇਖਕੇ ਉਸਨੂੰ ਆਪਣੀ ਦੇਖ-ਰੇਖ ਵਿਚ ਪਟਵਾਰ ਸਕੂਲ ਵਿਚ ਦਾਖਲ ਕਰਵਾ ਦਿੱਤਾ। ਸਦਾ ਵਜ਼ੀਫ਼ਾ ਲੈ ਕੇ ਪਾਸ ਹੋਣ ਵਾਲਾ ਸ਼ਿਵ ਹੁਣ ਪਟਵਾਰ ਦਾ ਕੋਰਸ ਕਰ ਰਿਹਾ ਸੀ।
ਸ਼ਿਵ ਕੋਰਸ ਪੂਰਾ ਕਰਕੇ ਪਟਵਾਰੀ ਲੱਗ ਗਿਆ। ਹੁਣ ਉਹ ਪੈਲੀਆਂ ਕੱਛਦਾ, ਗਰਦੌਰੀ ਕਰਦਾ ਅਤੇ ਇੰਤਕਾਲ ਦਰਜ ਕਰਦਿਆਂ ਸਾਰਾ-ਸਾਰਾ ਦਿਨ ਜ਼ਿੰਮੀਦਾਰਾਂ ਵਿਚ ਘਿਰਿਆ ਰਹਿੰਦਾ। ਉਹ ਪੇਂਡੂ ਜੀਵਨ ਦੇ ਪਹਿਲਾਂ ਹੀ ਬਹੁਤ ਨੇੜੇ ਸੀ। ਉਸ ਦੇ ਅਚੇਤ ਵਿਚ ਪੇਂਡੂ ਸ਼ਬਦਾਂ ਦਾ ਅਥਾਹ ਭੰਡਾਰ ਭਰਨ ਲੱਗਿਆ। ਜਿਹੜਾ ਪਿੱਛੇ ਜਾ ਕੇ ਉਸਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਦਿੱਤਾ।
ਪਰ ਸ਼ਿਵ ਦਾ ਮਨ ਪਟਵਾਰ ਤੋਂ ਵੀ ਅੱਕ ਗਿਆ। ਉਹ ਆਪਣੇ ਆਪ ਨੂੰ ਬੱਝਿਆ ਮਹਿਸੂਸ ਕਰਦਾ। ਉਸਦਾ ਦਿਲ ਦੂਰ ਕਿਤੇ ਸ਼ਾਂਤ ਥਾਂ ’ਤੇ ਭੱਜ ਜਾਣ ਨੂੰ ਕਰਦਾ। ਆਖ਼ਰ ਉਸਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ ਅਤੇ ਬੈਜਨਾਥ ਓਵਰਸੀਅਰੀ ਦਾ ਕੋਰਸ ਕਰਨ ਚਲਾ ਗਿਆ। ਪਰ ਉਸਨੇ ਓਥੇ ਵੀ ਇਮਤਿਹਾਨ ਨਾ ਦਿੱਤਾ ਅਤੇ ਕੋਰਾ ਹੀ ਘਰ ਪਰਤ ਆਇਆ। ਸ਼ਿਵ ਨੇ ਕਵੀ ਬਣਨ ਤੋਂ ਬਾਅਦ ਵੀ ਇਕ ਵਾਰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਹ ਨਾਭੇ ਰਿਪੁਦਮਨ ਕਾਲਜ ਵਿਚ ਦਾਖਲ ਹੋਇਆ ਸੀ ਪਰ ਉਦੋਂ ਉਸਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਚੁੱਕੀ ਸੀ। ਪਟਿਆਲੇ ਤੋਂ ਮੁੰਡੇ-ਕੁੜੀਆਂ ਨੇ ਨਾਭੇ ਰਿਪੁਦਮਨ ਕਾਲਜ ਜਾ ਦਾਖਲਾ ਲਿਆ, ਸਿਰਫ਼ ਸ਼ਿਵ ਨੂੰ ਸੁਣਨ ਖਾਤਰ। ਸ਼ਿਵ ਦਾ ਜੀਣ ਪੜ੍ਹਾਈ ਤੋਂ ਏ ਨਾ ਉੱਖੜਿਆ ਕਿ ਉਹ ਲਾਇਕ ਹੁੰਦਾ ਹੋਇਆ ਵੀ ਪੜ੍ਹ ਨਾ ਸਕਿਆ। ਅਸਲ ਵਿਚ ਕੁਦਰਤ ਤਾਂ ਉਸਤੋਂ ਕੁਝ ਹੋਰ ਹੀ ਕਰਵਾਉਣਾ ਚਾਹੁੰਦੀ ਸੀ।
ਸ਼ਿਵ 24 ਵਰ੍ਹਿਆਂ ਦਾ ਹੋ ਗਿਆ ਸੀ। ਉਸਦਾ ਕੱਦ ਕਾਠ ਲੰਬਾ ਪਤਲਾ ਸੀ। ਉਸਦਾ ਚਿਹਰਾ ਮੁਹਰਾ ਬੜਾ ਹੀ ਪ੍ਰਭਾਵਸ਼ਾਲੀ ਸੀ। ਘੁੰਗਰਾਲੇ ਵਾਲ਼, ਚੌੜਾ ਮੱਥਾ, ਮੋਟੇ ਮੋਟੇ ਕਾਲ਼ੇ ਸਿਆਹ ਨੈਣ ਜਦੋਂ ਨਮ ਦਿਸਦੇ, ਮੋਤੀਆਂ ਵਰਗੇ ਚਿੱਟੇ ਦੰਦ, ਲਾਲ ਸੂਹੇ ਗੁਲਾਬ ਦੀਆਂ ਪੰਖੜੀਆਂ ਤੋਂ ਵੀ ਕੋਮਲ ਬੁੱਲ੍ਹਾਂ ਉੱਤੇ ਜਦੋਂ ਉਹ ਪੋਲੀ ਜਿਹੀ ਜੀਭ ਫੇਰ ਕੇ ਬੋਲਦਾ ਤਾਂ ਉਸਦੀ ਆਵਾਜ਼ ਹਉਕੇ ਵਰਗੀ ਨਾਜ਼ੁਕ ਲਗਦੀ। ਪਰ ਜਦੋਂ ਗਾਉਂਦਾ ਤਾਂ ਉਹ ਆਵਾਜ਼ ਆਹ ਬਣ ਕੇ ਸੱਤ ਅਸਮਾਨਾਂ ਦਾ ਸੀਨਾ ਚੀਰ ਦੇਂਦੀ। ਉਹ ਦੁੱਧ ਚਿੱਟਾ ਬੰਗਾਲੀ ਕੁੜਤਾ ਤੇ ਖੁੱਲ੍ਹੀ ਮੁਹਰੀ ਵਾਲਾ ਪਜਾਮਾ ਪਾ ਕੇ ਪੈਰੀਂ ਤਿੱਲੇ ਵਾਲੀ ਜੁੱਤੀ ਸਜਾ ਕੇ ਜਦੋਂ ਦੋਸਤਾਂ ਦੀ ਢਾਣੀ ਵਿਚ ਬੈਠਾ ਹੁੰਦਾ ਤਾਂ ਉਹ ਸਭ ਤੋਂ ਨਿਆਰਾ ਦਿੱਸਦਾ। ਹੁਣ ਉਸਦੀ ਬਟਾਲੇ ਵਿਚ ਧਾਕ ਜਮ ਚੁੱਕੀ ਸੀ। ਉਸਦੀ ਕਵਿਤਾ ਤੇ ਉਸਦੀ ਦਰਦ ਵਿੰਨੀ ਹੂਕ ਦਾ ਜਾਦੂ ਬਟਾਲੇ ਦੇ ਲੋਕਾਂ ਉਤੇ ਹੋ ਗਿਆ ਸੀ। ਇਨ੍ਹਾਂ ਦਿਨਾਂ ਵਿਚ ਪੰਜਾਬੀ ਦੇ ਹਰ ਵੱਡੇ ਰਸਾਲੇ ਵਿਚ ਛਪ ਰਿਹਾ ਸੀ। ਉਸ ਅੰਦਰਲਾ ਕਵੀ ਜਾਗ ਪਿਆ ਸੀ। (ਚਲਦਾ)
ਗੀਤਾਂ ਦਾ ਸੱਚਾ ਵਣਜਾਰਾ
ਜੂਨ 1959 ਨੂੰ ਭਾਈ ਸਾਹੀਬ ਭਾਈ ਵੀਰ ਸਿੰਘ ਜੀ ਦੀ ਪਹਿਲੀ ਬਰਸੀ ਪੰਜਾਬੀ ਸਾਹਿਤ ਸਮੀਖਿਆ ਬੋਰਡ ਵੱਲੋਂ ਜਲੰਧਰ ਵਿਖੇ ਮਨਾਈ ਗਈ। ਉਨ੍ਹਾਂ ਦੀ ਯਾਦ ਵਿਚ ਬਹੁਤ ਵੱਡਾ ਕਵੀ ਦਰਬਾਰ ਕੰਪਨੀ ਬਾਗ ਵਿਚ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਪੰਜਾਬ ਭਰ ਦੇ ਮੰਨੇ ਪ੍ਰਮੰਨੇ ਕਵੀਆਂ ਨੂੰ ਸੱਦਾ ਭੇਜਿਆ ਗਿਆ। ਸ਼ਿਵ ਨੂੰ ਵੀ ਇਸ ਮੌਕੇ ਸੱਦਾ ਪੱਤਰ ਮਿਲਿਆ। ਇਸ ਤੋਂ ਪਹਿਲਾਂ ਸ਼ਿਵ ਅੰਮ੍ਰਿਤਸਰ ਅਤੇ ਬਟਾਲੇ ਕਈ ਮੁਸ਼ਾਇਰੇ ਪੜ੍ਹ ਚੁੱਕਿਆ ਸੀ। ਉਸ ਰਾਤ ਵੀ ਉਹ ਚਿੱਟੇ ਕੁੜਤੇ ਪਜਾਮੇ ਵਿਚ ਸਟੇਜ ਉੱਤੇ ਮਾਈਕ ਅੱਗੇ ਖੜ੍ਹਾ ਸੀ। ਸਾਰਾ ਪੰਡਾਲ ਖਚਾਖਚ ਭਰਿਆ ਹੋਇਆ ਸੀ। ਸਰੋਤਿਆਂ ਵਿਚ ਬਹੁਤਿਆਂ ਨੇ ਸਿਰਫ਼ ਉਸਦਾ ਨਾਮ ਹੀ ਸੁਣਿਆ ਸੀ ਅਤੇ ਕਈਆਂ ਨੇ ਉਹ ਵੀ ਨਹੀਂ। ਉਹ ਸੋਚ ਰਹੇ ਸੀ ਕਿ ਇਹ ਛੋਟੀ ਜਿਹੀ ਉਮਰ ਦਾ ਨੌਜਵਾਨ ਪਤਾ ਨਹੀਂ ਕੌਣ ਹੈ? ਪੰਜਾਬ ਦੇ ਵੱਡੇ ਨਾਮੀ ਕਵੀਆਂ ਦੇ ਸਾਹਮਣੇ ਇਹ ਕੀ ਕਵਿਤਾ ਪੜ੍ਹੇਗਾ? ਸ਼ਿਵ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਉਹ ਹੌਲੀ ਜਿਹਾ ਗੁਣਗੁਣਾਇਆ. ਉਸਨੇ ਇਕ ਹੱਥ ਕੰਨ ’ਤੇ ਰੱਖ ਕੇ ਬੜੀ ਹੀ ਦਰਦ ਭਿੱਜੀ ਪਰ ਸੁਰੀਲੀ-ਆਵਾਜ਼ ਵਿਚ ਆਪਣਾ ਗੀਤ ‘ਕੰਡਿਆਲੀ ਥੋਰ੍ਹ’ ਛੋਹਿਆ। ਸਾਰੇ ਪੰਡਾਲ ਵਿਚ ਸੰਨਾਟਾ ਛਾ ਗਿਆ। ਸਰੋਤੇ ਸਾਹ ਰੋਕ ਕੇ ਉਸ ਵੱਲ ਟਿਕਟਿਕੀ ਲਾ ਕੇ ਵੇਖ ਰਹੇ ਸਨ। ਜਿੰਨੀ ਦੇਰ ਉਹ ਗਾਉਂਦਾ ਰਿਹਾ, ਕਿਸੇ ਨੇ ਅੱਖ ਵੀ ਨਾ ਝਪਕੀ। ਜਦ ਉਹ ਕੀਤ ਬੋਲ ਕੇ ਹਟਿਆ ਤਾਂ ਸਾਰੇ ਪਾਸੇ ਲੋਕ ਇਕ ਦੂਜੇ ਨਾਲ ਸ਼ਿਵ ਦੀਆਂ ਹੀ ਗੱਲਾਂ ਕਰ ਰਹੇ ਸਨ। ਸਭ ਪਾਸੇ ‘ਸ਼ਿਵ ਸ਼ਿਵ’ ਹੋ ਰਹੀ ਸੀ। ‘ਇਕ ਹੋਰ ਗੀਤ’ ਦੀ ਫ਼ਰਮਾਇਸ਼ ਹਰ ਪਾਸਿਓਂ ਆ ਰਹੀ ਸੀ। ਇਸ ਵਾਰ ਉਸ ਨੇ ‘ਮਿਰਚਾਂ ਦੇ ਪੱਤਰ’ ਨਾਂ ਦਾ ਗੀਤ ਆਪਣੇ ਨਿਵੇਕਲੇ ਅੰਦਾਜ਼ ਵਿਚ ਬੋਲਿਆ। ਸਭ ਪਾਸਿਓਂ ਵਾਹ-ਵਾਹ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸ਼ਿਵ ਦੋ ਗੀਤਾਂ ਨਾਲ ਹੀ ‘ਬਿਰਹਾ ਦਾ ਸੁਵਤਾਨ’ ਬਣ ਗਿਆ ਸੀ।
ਇਸ ਕਵੀ ਦਰਬਾਰ ਦੀ ਆਡੀਓ ਰਿਕਾਰਡਿੰਗ ਜਲੰਧਰ ਰੇਡੀਓ ਸਟੇਸ਼ਨ ਵਾਲਿਆਂ ਨੇ ਕੀਤੀ ਸੀ। ਜਦੋਂ ਇਹ ਕਵੀ ਦਰਬਾਰ ਦੀ ਰਿਕਾਰਡਿੰਗ ਰੇਡੀਓ ਤੋਂ ਪ੍ਰਸਾਰਿਤ ਹੋਈ ਤਾਂ ਸ਼ਿਵ ਪੰਜਾਬ ਦੇ ਘਰ-ਘਰ ਪਹੁੰਚ ਗਿਆ। ਪੰਜਾਬ ਹੀ ਨਹੀਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਦੇਸ਼-ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਤੱਕ ਵੀ ਜਾ ਪਹੁੰਚਿਆ। ਉਸਦੇ ਬਿਰਹਾ ਵਿਚ ਰੰਗੇ ਗੀਤਾਂ ਨੂੰ ਸੁਣਕੇ ਲੋਕ ਸ ਬਾਰੇ ਕਈ ਤਰ੍ਹਾਂ ਦੇ ਅਨੁਮਾਨ ਲਗਾਉਣ ਲੱਗੇ। ਕੋਈ ਕਹਿੰਦਾ ਕਿ ਸ਼ਿਵ ਨੂੰ ਜਿਸ ਕੁੜੀ ਨਾਲ ਮੁਹੱਬਤ ਸੀ, ਉਹ ਮਰ ਗਈ ਹੈ। ਕੋਈ ਕਹਿੰਦਾ ਕਿ ਉਸਦੀ ਮਹਿਬੂਬਾ ਅਮੀਰ ਘਰ ਦੀ ਧੀ ਸੀ ਪਰ ਉਹ ਆਪ ਗਰੀਬੜਾ ਜਿਹਾ ਕਵੀ ਸੀ, ਇਸੇ ਲਈ ਉਸ ਕੁੜੀ ਦਾ ਵਿਆਹ ਕਿਸੇ ਹੋਰ ਥਾਂ ਹੋ ਗਿਆ। ਜਿੰਨੇ ਮੂੰਹ ਓਨੀਆਂ ਗੱਲਾਂ ਉੱਡਣ ਲੱਗੀਆਂ। ਗੱਲ ਇਕੋ ਵਿਅਕਤੀ ਸ਼ਿਵ ਦੀ ਹੁੰਦੀ ਪਰ ਕਹਾਣੀ ਸਭ ਦੀ ਆਪੋ-ਆਪਣੀ। ਕਿਸੇ ਦੀ ਗੱਲ ਕਿਸੇ ਨਾਲ ਨਾ ਮਿਲਦੀ। ਇਹ ਦੰਦ ਕਥਾਵਾਂ ਸ਼ਿਵ ਦੇ ਕੰਨੀਂ ਆ ਪਈਆਂ। ਉਸਨੇ ਰਾਈ ਜਿੰਨੀ ਗੱਲ ਦੇ ਪਹਾੜ ਬਣਨ ਉਤੇ ਬੱਚ ਹੱਸ ਛੱਡਿਆ।
1906 ਵਿਚ ਸ਼ਿਵ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ ਛਪਿਆ। ਇਸ ਪੁਸਤਕ ਵਿਚ ਉਸਨੇ ਬੜੇ ਸੂਝਵਾਨ ਕਾਲਕਾਰ ਵਾਂਗ ਬੜੀ ਤੀਬਰਤਾ ਸਹਿਤ ਆਪਣੀ ਅੰਤਰੀਵ ਵੇਦਮਾ ਨੂੰ ਪ੍ਰਟਾਇਆ। ਪਾਠਕ ਇਸ ਪੁਸਤਕ ਨੂੰ ਪੜ੍ਹਕੇ ਉਸਦੀ ਕਾਵਿ-ਮਦਿਰਾ ਨਾਲ ਨਸ਼ਿਆਏ ਗਏ। ਸ਼ਿਵ ਆਪਣੀ ਪਲੇਠੀ ਕਾਵਿ ਪੁਸਤਕ ਨਾਲ ਹੀ ਪੰਜਾਬੀ ਸਾਹਿਤ ਦੇ ਪਹਿਲੇ ਕਵੀਆਂ ਦੀ ਕਤਾਰ ਵਿਚ ਆ ਖੜ੍ਹਾ ਹੋਇਆ। ਇਸੇ ਪੁਸਤਕ ਨੂੰ ਸਾਹਿਤ ਸਮੀਖਿਆ ਬੋਰਡ, ਜਲੰਧਰ ਵੱਲੋਂ ਸਾਲ 1960 ਦੀ ਉੱਤਮ ਕਾਵਿ ਪੁਸਤਕ ਦਾ ਪੁਸਕਾਰ ਦਿੱਤਾ ਗਿਆ। ਇਸ ਪਿਛੋਂ ਉਸਦੇ ਤਿੰਨ ਹੋਰ ਕਾਵਿ ਸੰਗ੍ਰਹਿ-1961 ਵਿਚ ‘ਲਾਜਵੰਤੀ’, 1962 ਵਿਚ ‘ਆਟੇ ਦੀਆਂ ਚਿੜੀਆਂ’, 1963 ਵਿਚ ‘ਮੈਨੂੰ ਵਿਦਾ ਕਰੋ’ ਆਏ। ‘ਆਟੇ ਦੀਆਂ ਚਿੜੀਆਂ’ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 1962 ਦੀ ਸਰਵਸ੍ਰੇਸ਼ਠ ਕਾਵਿ ਰਚਨਾ ਹੋਣ ਦਾ ਪਹਿਲਾ ਪੁਰਸਕਾਰ ਮਿਲਿਆ। ਸ਼ਿਵ ਦੀ ਸ਼ੁਹਰਤ ਹੁਣ ਸਿਖਰਾਂ ਨੂੰ ਜਾ ਛੋਹੀ ਸੀ। ਉਹ ਕਵੀ ਦਰਬਾਰਾਂ ਦੀ ਸ਼ਾਨ ਸੀ। ਜਿਸ ਕਵੀ ਦਰਬਾਰ ਵਿਚ ਉਹ ਸ਼ਾਮਲ ਨਾ ਹੁੰਦਾ ਉਸ ਕਵੀ ਦਰਬਾਰ ਨੂੰ ਅਸਫ਼ਲ ਮੰਨਿਆ ਜਾਂਦਾ। ਉਸਨੂੰ ਕਵੀ ਦਰਬਾਰ ਵਿਚ ਆਉਣ ਲਈ ਟੈਕਸੀ ਦੇ ਕਿਰਾਏ ਤੋਂ ਬਗੈਰ 500 ਰੁਪਏ ਤੋਂ ਹਜ਼ਾਰ ਰੁਪਏ ਤੱਕ ਮਿਲਦੇ। ਉਹ ਮੁਸ਼ਾਇਰੇ ਵਿਚ ਜਦੋਂ ਕਵਿਤਾ ਪੜ੍ਹਦਾ ਤਾਂ ਜਾਂਦੇ ਲੋਕ ਵੀ ਰੁਕ ਜਾਂਦੇ। ਉਸ ਦੀ ਕਵਿਤਾ ਵਿਚ ਜਿਥੇ ਦੈਵੀ ਖਿੱਚ ਸੀ, ਉਥੇ ਉਸਦੀ ਮਧੁਰ ਆਵਾਜ਼ ਵਿਚ ਰਾਗਾਤਮਕ ਲੈਅ ਅਤੇ ਕਾਵਿ ਅਲਾਪ ਸੀ। ਜਿਵੇਂ ਵਾਰਿਸ ਸ਼ਾਹ ‘ਹੀਰ’ ਦੇ ਬੈਂਤ ਜਦੋਂ ਆਪ ਉੱਚੀ ਸੁਰ ਵਿਚ ਪੜ੍ਹਦਾ ਤਾਂ ਸਰੋਤਿਆਂ ਦੀਆਂ ਭੀੜਾਂ ਜੁੜ ਜਾਂਦੀਆਂ ਤਿਵੇਂ ਹੀ ਜਦੋਂ ਸ਼ਿਵ ਆਪਣੇ ਜੋਸ਼ ਅਤੇ ਬਿਰਹਾ ਭਰੇ ਤੜਪਦੇ ਬੋਲਾਂ ਨੂੰ ਉੱਚੀ ਹੂਕ ਲਾ ਕੇ ਗਾਉਂਦਾ ਤਾਂ ਦੂਰੋਂ-ਦੂਰੋਂ ਲੋਕ ਉਸ ਦੁਆਲੇ ਆ ਜੁੜਦੇ। ਉਸਦੀ ਆਵਾਜ਼ ਵਿਚ ਰੰਝੇਟੇ ਦੀ ਵੰਝਲੀ ਵਾਲ਼ਾ ਜਾਦੂ ਸੀ, ਇਕ ਤਾਂ ਉਸਦੇ ਗੀਤਾਂ ਦੇ ਬੋਲ ਬਿਰਹਾ ਦੀ ਵੇਦਨਾ ਨਾਲ ਭਰਪੂਰ ਹੁੰਦੇ ਅਤੇ ਦੂਜੇ ਉਸਦੀ ਦਰਦ ਭਰੀ ਆਵਾਜ਼ ਸੋਨੇ ਉੱਤੇ ਸੁਹਾਗੇ ਵਾਲਾ ਕੰਮ ਕਰਦੀ। ਸਰੋਤੇ ਇਨ੍ਹਾਂ ਦੋਹਾਂ ਦੇ ਸੰਗਮ ਨੂੰ ਇਕੋ ਸੁਰ ਹੁੰਦਾ ਸੁਣਕੇ ਮਸਤ ਹੋ ਕੇ ਅੱਖਾਂ ਭਰ ਲੈਂਦੇ। ਸ਼ਿਵ ਦੀ ਆਵਾਜ਼ ਅਤੇ ਉਸਦੇ ਬੋਲ, ਉਨ੍ਹਾਂ ਦੇ ਦਿਲਾਂ ਵਿਚ ਉਤਰ ਜਾਂਦੇ। ਜਿਹੜਾ ਵੀ ਉਸਨੂੰ ਇਕ ਵਾਰ ਸੁਣ ਲੈਂਦਾ, ਉਹ ਸਦਾ ਲਈ ਹੀ ਉਸੇ ਦਾ ਹੋ ਜਾਂਦਾ। ਗੀਤ ਮੁੱਕਦਾ ਤਾਂ ਸਰੋਤੇ ਹੋਰ ਗਾਉਣ ਲਈ ਕਹਿੰਦੇ। ਪਰ ਪ੍ਰਬੰਧਕ ਉਨ੍ਹਾਂ ਨੂੰ ਕਹਿੰਦੇ ਕਿ ਪਹਿਲਾਂ ਹੋਰ ਕਵੀਆਂ ਨੂੰ ਸੁਣ ਲਈਏ, ਅਖ਼ੀਰ ਵਿਚ ਫਿਰ ਸ਼ਿਵ ਨੂੰ ਕੁਝ ਸੁਨਾਉਣ ਲਈ ਬੇਨਤੀ ਕਰਾਂਗੇ। ਲੋਕ ਇਸੇ ਦੀ ਉਡੀਕ ਵਿਚ ਬੈਠੇ ਰਹਿੰਦੇ ਅਤੇ ਜਦੋਂ ਬਾਕੀ ਦੇ ਕਵੀ ਆਪਣੀ ਆਪਣੀ ਕਵਿਤਾ ਪੜ੍ਹ ਹਟਦੇ ਤਾਂ ਅੰਤ ਵਿਚ ਸਿਵ ਇਕ ਦੋ ਨਜ਼ਮਾਂ ਹੋਰ ਪੜ੍ਹਦਾ ਪਰ ਕਿਸੇ ਵੀ ਕਵੀ ਦਰਬਾਰ ਵਿਚ ਸ਼ਿਵ ਦੋ ਤੋਂ ਵੱਧ ਗੀਤ ਕਦੇ ਕਦਾਈਂ ਹੀ ਸੁਣਾਉਂਦਾ ਸੀ।
ਇਨ੍ਹਾਂ ਸਾਲਾਂ ਵਿਚ ਉਸ ਨੇ ਪੰਜਾਬ ਦਾ ਚੱਪਾ ਚੱਪਾ ਘੁੰਮ ਲਿਆ ਸੀ। ਪਰ ਥਾਂ ਉਸਦੇ ਦੋਸਤ ਬੇਲੀ ਸਨ। ਉਹ ਕਦੇ ਕਿਸੇ ਦੋਸਤ ਕੋਲ ਹੁੰਦਾ ਅਤੇ ਕਦੇ ਕਿਸੇ ਕੋਲ। ਨਿੱਤ ਦਿਨ ਹੀ ਮਹਿਫ਼ਲਾਂ ਲਗਦਾਂ, ਜਸ਼ਨ ਹੁੰਦੇ, ਹਾਸਾ-ਠੱਠਾ ਹੁੰਦਾ। ਸ਼ਿਵ ਸੁਭਾਅ ਦਾ ਬੜਾ ਮਖੌਲੀਆ ਸੀ। ਉਹ ਗੱਲਾਂ-ਗੱਲਾਂ ਵਿਚ ਹੀ ਚੁਟਕਲੇ ਘੜ ਦਿੰਦਾ। ਉਹ ਚੁਟਕਲੇ ਬਨਾਉਣ ਦਾ ਵੀ ਉਸਤਾਦ ਸੀ। ਉਹ ਸੁਧ-ਬੁਧ ਵਾਲਾ ਹਾਜ਼ਰ ਸਵਾਬ ਅਤੇ ਜ਼ਿੰਦਾਦਿਲ ਵਿਅਕਤੀ ਸੀ। ਇਸ ਖੁਸ਼ ਮਿਜਾਜ਼ ਸ਼ਿਵ ਨੂੰ ਉਸਦੇ ਘਰ ਦੇ ਜੀਅ ਅਤੇ ਕੁਝ ਚੰਗੇ ਦੋਸਤ ਹੀ ਜਾਣਦੇ ਸਨ। ਬਹੁਤੇ ਲੋਕ ਤਾਂ ਸਿਰਫ਼ ਉਦਾਸ ਚਿਹਰੇ ਵਾਲੇ ਕਵੀ ਸ਼ਿਵ ਨੂੰ ਹੀ ਜਾਣਦੇ ਹਨ।
1964 ਵਿਚ ਸ਼ਿਵ ਦੇ ਦੋ ਕਾਵਿ ਸੰਗ੍ਰਹਿ ਛਪੇ। ਪਹਿਲਾ ‘ਬਿਰਹਾ ਤੂ ਸੁਲਤਾਨ’ ਛਪਿਆ। ਇਸ ਵਿਚ ਉਸਦੀਆਂ ਪਹਿਲੀਆਂ ਚਾਰ ਪੁਸਤਕਾਂ ਨੂੰ ਇਕੋ ਸੰਗ੍ਰਹਿ ਵਿਚ ਛਾਪ ਦਿੱਤਾ ਗਿਆ ਸੀ। ਦੂਜਾ ‘ਦਰਦਮੰਦਾਂ ਦੀਆਂ ਆਹੀਂ’ ਛਪਿਆ। ਇਸ ਵਿਚ ਵੀ ਚੌਹਾਂ ਪੁਸਤਕਾਂ ਵਿਚੋਂ ਹੀ ਚੋਣਵਾਂ ਸੰਕਲਨ ਤਿਆਰ ਕੀਤਾ ਗਿਆ ਸੀ। ਇਸ ਸਾਲ ਉਸਦਾ ਕੋਈ ਨਵਾਂ ਕਾਵਿ ਸੰਗ੍ਰਹਿ ਨਾ ਛਪਿਆ। ਉਸਨੇ ਆਪਣੀ ਪੁਸਤਕ ‘ਦਰਦਮੰਦਾਂ ਦੀਆਂ ਆਹੀਂ’ ਵਿਚ ‘ਮੇਰੇ ਨਿੰਦਕ’ ਨਾਂ ਦਾ ਮੁੱਖ ਬੰਦ ਲਿਖਿਆ।
ਸ਼ਿਵ ਦੀ ਕਵਿਤਾ ਦੀ ਆਲੋਚਨਾ ਤੋਂ ਬਹੁਤੀ ਉਸਦੀ ਨਿੰਦਿਆ ਚੁਗਲੀ ਹੋਣ ਲੱਗੀ ਸੀ। ਕਈ ਆਲੋਚਕਾਂ ਨੇ ਤਾਂ ਉਸਦੀ ਕਵਿਤਾ ਦੀ ਗੱਲ ਛੱਡਕੇ ਉਸਦੇ ਨਿੱਜੀ ਜੀਵਨ ਬਾਰੇ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਸੀ। ਸ਼ਿਵ ਆਲੋਚਨਾ ਦੇ ਉਲਟ ਨਹੀਂ ਸੀ। ਉਹ ਤਾਂ ਕਲਾ ਦੀ ਕੀਤੀ ਹੋਈ ਆਲੋਚਨਾ ਨੂੰ ਸਿਹਤਮੰਦ ਅਤੇ ਸੁਖਾਵੀਂ ਦੱਸਦਾ। ਅਜਿਹੀ ਆਲੋਚਨਾ ਉਸ ਲਈ ਅਗਵਾਈ ਦਾ ਕੰਮ ਕਰਦੀ। ਪਰ ਉਹ ਉਸ ਆਲੋਚਨਾ ਨੂੰ ਸਦਾ ਮਾੜੀ ਤੇ ਮਾਰੂ ਕਹਿੰਦਾ ਜਿਹੜੀ ਕਲਾ ਦੀ ਵਲਗਣਾ ਟੱਪ ਕੇ ਕਲਾਕਾਰ ਦੇ ਨਿੱਜੀ ਜੀਵਨ ਬਾਰੇ ਹੁੰਦੀ।
ਜਿਹੜੇ ਮੁਫ਼ਤਖੋਰ ਉਸ ਦੇ ਪੈਸਿਆਂ ਨਾਲ ਰੱਜ ਕੇ ਸ਼ਰਾਬ ਪੀਂਦੇ, ਉਹ ਹੀ ਉਸਨੂੰ ਸ਼ਰਾਬੀ ਕਹੀ ਜਾਂਦੇ। ਕਈ ਫੋਕਾ ਰੋਏਬ ਪਾਉਣ ਲਈ ਕਿ ਸ਼ਿਵ ਉਨ੍ਹਾਂ ਦਾ ਚੰਗਾ ਮਿੱਤਰੀ ਹੈ, ਹੋਰਾਂ ਨੂੰ ਕਹਿੰਦੇ ਫਿਰਦੇ, “ਸ਼ਿਵ ਮੇਰਾ ਗੂੜ੍ਹਾ ਮਿੱਤਰ ਹੈ, ਅਸੀਂ ਰੋਜ਼ ਇਕੱਠੇ ਬੈਠ ਕੇ ਪੀਂਦੇ ਹਾਂ।” ਸ਼ਿਵ ਅਜਿਹੇ ਧੋਖੇਬਾਜ ਦੋਸਤਾਂ ਤੋਂ ਬਹੁਤ ਤੰਗ ਆਉਂਦਾ ਪਰ ਉਸਨੂੰ ਇਹ ਪਤਾ ਨਾ ਚੱਲਦਾ ਕਿ ਦੋਸਤ ਦੀ ਸੂਰਤ ਵਿਚ ਉਹ ਦੁਸ਼ਮਣ ਕਿਹੜਾ ਹੈ। ਉਹੋ ਦੋਸਤ ਉਸ ਦੇ ਉਲਟ ਫ਼ਿਜ਼ੂਲ ਗੱਲਾਂ ਫੈਲਾਉਂਦੇ ਅਤੇ ਉਹੋ ਹੀ ਉਸ ਨੂੰ ਦਿਲਾਸਾ ਦਿੰਦੇ। ਇਸ ਤੋਂ ਬਿਨਾ ਵੀ ਲੋਕ ਕਈ ਤਰ੍ਹਾਂ ਦਾ ਚਿੱਕੜ ਉਛਾਲਦੇ, ਜਿਸ ਬਾਰੇ ਗੱਲ ਕਰਨੀ ਵੀ ਕਮੀਨਗੀ ਜਿਹੀ ਜਾਪਦੀ।
ਦੂਜੇ ਪਾਸੇ ਉਸ ਦੀ ਕਵਿਤਾ ਦੀ ਆਲੋਚਨਾ ਵੀ ਕਿਸੇ ਹੱਦ ਤੱਕ ਪੱਖਪਾਤੀ ਹੀ ਹੁੰਦੀ ਰਹੀ। ਕਈ ਆਲੋਚਕ ਕਿਸੇ ਨਾ ਕਿਸੇ ਵਾਦ ਦੀ ਐਨਕ ਲਗਾ ਕੇ ਉਸ ਦੀ ਕਵਿਤਾ ਦੀ ਆਲੋਚਨਾ ਕਰਦੇ। ਹਰ ਕੋਈ ਕਵਿਤਾ ਨੂੰ ਆਪਣੇ ਤਿਆਰ ਕੀਤੇ ਸੱਚੇ ਵਿਚ ਤਰੋੜ-ਮਰੋੜ ਕੇ ਹੋਰ ਹੀ ਰੂਪ ਦੇਣ ਦੀ ਕੋਸ਼ਿਸ਼ ਕਰਦਾ। ਉਹ ਉਸਨੂੰ ਨਿਰਾਸ਼ਾਵਾਦੀ, ਨਿੱਜੀ ਪੀੜਾਂ ਤੱਕ ਸੀਮਤ, ਪ੍ਰੰਪਰਾਵਾਦੀ, ਜਵਾਨ ਲੋਕਾਂ ਦਾ ਕਵੀ ਅਤੇ ਕਈ ਤਾਂ ਇਥੋਂ ਤੱਕ ਕਹੀ ਜਾਂਦੇ ਕਿ ਉਹ ਕੁੜੀਆਂ-ਚਿੜੀਆਂ ਦਾ ਕਵੀ ਹੈ।
ਸ਼ਿਵ ਆਪਣੀ ਕਵਿਤਾ ਵਿਚਲੀ ਨਿਰਾਸ਼ਾ ਬਾਰੇ ਆਪ ਕਹਿੰਦਾ ਮੰਨਿਆ ਕਿ ਮੈਂ ਨਿਰਾਸ਼ਾਵਾਦੀ ਹਾਂ ਪਰ ਕੀ ਨਿਰਾਸ਼ਾ ਸਾਡੇ ਜੀਵਨ ਵਿਚੋਂ ਮੁੱਕ ਗਈ ਹੈ? ਮੈਂ ਉਸ ਆਸ਼ਾ ਜਾਂ ਨਿਰਾਸ਼ਾ ਦਾ ਖੁਦ ਵਿਰੋਧ ਕਰਦਾ ਹਾਂ ਜੋ ਬਨਾਵਟੀ, ਓਪਰੀ ਜਾਂ ਵਿਖਾਵੇ ਦੀ ਹੱਦ ਤੱਕ ਸੀਮਤ ਹੋਵੇ। ਅਜਿਹੀ ਆਸ਼ਾ-ਨਿਰਾਸ਼ਾ ਵਿਚ ਬਨਾਵਟੀਪਨ ਜ਼ਿਆਦਾ ਹੁੰਦਾ ਹੈ। ਗਹਿਰਾਈ ਨਾਂਮਾਤਰ ਜਿਹੀ, ਇਨ੍ਹਾਂ ਦੋਰਾਂ ਦੀ ਜ਼ਿੰਦਗੀ ਨਾਲ ਇਕਸੁਰਤਾ ਨਹੀਂ ਹੁੰਦੀ।
ਬਿਰਹਾ ਪ੍ਰਧਾਨ ਕਵਿਤਾ ਤਾਂ ਹਰ ਸਾਹਿਤ ਦਾ ਗਹਿਣਾ ਹੁੰਦੀ ਹੈ। ਪੰਜਾਬ ਸਾਹਿਤ ਵਿਚਿ ਸੂਫ਼ੀ ਕਵੀਆਂ ਦੀ ਇਲਾਹੀ ਰਚਨਾ ਅਤੇ ਗੁਰੂ ਸਹਿਬਾਨ ਦੀ ਰੱਬੀ ਬਾਣੀ ਤੋਂ ਲੈ ਕੇ ਹੁਣ ਤੱਕ ਦੇ ਸਾਹਿਤ ਵਿਚ ਸਦਾ ਹੀ ਬਿਰਹਾ ਦਾ ਰੰਗ ਗੂੜ੍ਹਾ ਰਿਹਾ ਹੈ। ਜਿਹੜੇ ਆਲੋਚਕ ਸ਼ਿਵ ਦੇ ਬਿਰਹਾ ਪਰੁੱਚੇ ਗੀਤਾਂ ਨੂੰ ਕੇਵਲ ਨਿੱਜੀ ਪੀੜਾ ਦੀ ਦੁਹਾਈ ਦੱਸਦੇ ਹਨ, ਸ਼ਾਇਦ ਉਹ ਇਹ ਭੁੱਲ ਗਏ ਹਨ ਕਿ ਸਭ ਤੋਂ ਪਹਿਲਾਂ ਮਨੁੱਖ ਆਪਣੇ ਨਿੱਜ ਤੋਂ ਹੀ ਮਿੱਠੀਆਂ ਕੌੜੀਆਂ ਸੱਚਾਈਆਂ ਸਿੱਖਦਾ ਹੈ। ਜਿਹੜਾ ਵਿਅਕਤੀ ਨਿੱਜੀ ਪੀੜਾ ਤੋਂ ਜਾਣੂ ਹੈ ਉਹੋ ਹੀ ਦੂਸਰੇ ਦੀ ਪੀੜ ਸਮਝ ਸਕਦਾ ਹੈ। ਗੱਲ ਤਾਂ ਨਿਜ ਦੇ ਵਿਸਥਾਰ ਦੀ ਹੁੰਦੀ ਹੈ। ਸ਼ਿਵ ਦੀ ਹਰ ਰਚਨਾ ਨਿੱਜ ਤੋਂ ਉੱਠ ਕੇ ਵਿਸ਼ਵ ਵਿਆਪੀ ਹੋ ਨਿੱਬੜੀ ਸੀ। ਉਸ ਦੀ ਕਲਮ ਵਿਚ ਰੁੱਖ-ਬੂਟੇ, ਰਸਮਾਂ-ਰਵਾਇਤਾਂ, ਸਭਿਅਤਾ-ਸੰਸਕਾਰ ਪੰਜਾਬ ਦੇ ਸਨ ਪਰ ਦੁੱਖ ਸਾਰੀ ਮਾਨਵਤਾ ਦਾ ਸਾਂਝਾ ਸੀ। ਉਸ ਨੇ ਪੰਜਾਬ ਦੀ ਸੰਸਕ੍ਰਿਤੀ ਤੇ ਪ੍ਰਕਿਰਤੀ ਦਾ ਸੁਮੇਲ ਆਪਣੇ ਬਿਰਹਾ ਭਰੇ ਗੀਤਾਂ ਵਿਚ ਬਹੁਤ ਸੁੰਦਰ ਢੰਗ ਨਾਲ ਕੀਤਾ। ਉਸਦੀ ਸਮੁੱਚੀ ਰਚਨਾ ਦਾ ਇਹੋ ਗੁਣ ਉਸਨੂੰ ਕਲਾਸਕੀ ਰਚਨਾ ਦਾ ਰਚਨਹਾਰ ਕਵੀ ਬਣਾ ਗਿਆ ਸੀ। ਸੰਸਕ੍ਰਿਤੀ-ਪ੍ਰਕਿਰਤੀ ਦੇ ਸੁਮੇਲ ਵਿਚੋਂ ਅਜਿਹਾ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਕਿ ਪਾਠਕ ਬਿਰਹਾ ਨੂੰ ਭੁੱਲ ਕੇ ਇਸ ਦਾ ਸਹਿਜ ਰਸ ਮਾਨਣ ਲੱਗ ਜਾਂਦੇ। ਬਿਰਹਾ ਇਸ ਆਨੰਦ ਤੱਕ ਪਹੁੰਚਣ ਦਾ ਮਾਧਿਅਮ ਬਣ ਜਾਂਦਾ।
ਸ਼ਿਵ ਦੀ ਸ਼ਾਇਰੀ ਬਾਰੇ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਉਸਦੇ ਗੀਤਾਂ ਵਿਚ ਸਿਰਫ਼ ਚੜ੍ਹਦੀ ਜਵਾਨੀ ਵਾਲੇ ਮੁੰਡੇ-ਕੁੜੀਆਂ ਨੂੰ ਖਿੱਚ ਸਕਣ ਦੀ ਸ਼ਕਤੀ ਹੈ। ਇਸੇ ਕਰਕੇ ਉਸਦੀ ਸ਼ਾਇਰੀ ਬਹੁਤੀ ਦੇਰ ਟਿਕ ਨਹੀਂ ਸਕੇਗੀ। ਕਦੀ ਇਹੋ ਇਲਜ਼ਾਮ ਸਾਹਿਰ ਲੁਧਿਆਣਵੀ ’ਤੇ ਵੀ ਲਾਇਆ ਗਿਆ ਸੀ। ਸਾਹਿਰ ਨੇ ਹੱਸ ਕੇ ਇਸ ਦੇ ਉੱਤਰ ਵਿਚ ਕਿਹਾ ਸੀ – “ਕੀ ਅੱਗੇ ਤੋਂ ਉਹ ਲੋਕ ਪੈਦਾ ਹੋਣਗੇ, ਜਿਨ੍ਹਾਂ ਨੂੰ ਜਵਾਨੀ ਨਹੀਂ ਚੜ੍ਹੇਗੀ?” ਸ਼ਿਵ ਦੀ ਕਵਿਤਾ ਬਾਰੇ ਵੀ ਇਹ ਉੱਤਰ ਸੌ ਫੀਸਦੀ ਢੁੱਕਵਾਂ ਹੈ।
‘ਸ਼ਿਕਰਾ’ ਨਾਂ ਦੀ ਕਵਿਤਾ ਨੂੰ ਸ਼ਿਵ ਨੇ ਇਸਤ੍ਰੀ ਦੀ ਆਤਮਾ ਦੇ ਰੂਪ ਵਿਚ ਢਲ ਕੇ ਸਚਿਆ ਸੀ। ਉਸਦੀਆਂ ਬਹੁਤੀਆਂ ਰਚਨਾਵਾਂ ਵਿਚ ਇਹੋ ਰੰਗ ਵੇਖਣ ਵਿਚ ਆਉਂਦਾ ਸੀ। ‘ਸ਼ਿਕਰੇ’ ਨੂੰ ਪੁਰਸ਼ ਪ੍ਰਧਾਨ ਸਮਾਜ ਦਾ ਪ੍ਰਤੀਕ ਬਣਾ ਕੇ ਸ਼ਿਵ ਉਸ ਦੇ ਝੂਠੇ ਮੱਕਾਰ ਕਿਰਦਾਰ ਦੀ ਸਹੀ ਤਸਵੀਰ ਪੇਸ਼ ਕਰ ਗਿਆ ਸੀ। ਪਰ ਕਈ ਅਨਜਾਣ ਆਲੋਚਕ ਉਸ ’ਤੇ ਇਹ ਗੱਲ ਲਾ ਕੇ ਕਹਿੰਦੇ ਕਿ ਉਹ ਸਿਰਫ਼ ਕੁੜੀਆਂ ਚਿੜੀਆਂ ਦਾ ਹੀ ਕਵੀ ਹੈ। ਸ਼ਿਵ ਨੂੰ ਅਜਿਹੀ ਪੀਲੀ ਪੱਤਰਕਾਰੀ ਉੱਤੇ ਬਹੁਤ ਗੁੱਸਾ ਆਉਂਦਾ। ਉਹ ਕਹਿ ਉੱਠਦਾ, “ਇਹ ਠੀਕ ਹੈ ਕਿ ਮੈਂ ਬਹੁਤੀ ਕਵਿਤਾ ਔਰਤ ਦੇ ਦੁਕਾਂਤ ਬਾਰੇ ਕਹੀ ਹੈ। ਮੈਂ ਇਸਤ੍ਰੀ ਪੀੜਾ ਨੂੰ ਉਸਦੇ ਦਿਲ ਦੀਆਂ ਗਹਿਰਾਈਆਂ ਤੱਕ ਲੱਥ ਕੇ ਚਿਤਰਦਾ ਹਾਂ। ਇਹ ਕਿਸੇ ਹੋਰ ਲੇਖਕ ਦੇ ਹਿੱਸੇ ਨਹੀਂ ਆਇਆ। ਮੇਰੀ ਆਵਾਜ਼ ਵਿਚ ਇਸਤ੍ਰੀ ਦੀ ਵੇਦਨਾ ਹੈ। ਇਸੇ ਲਈ ਹਰ ਇਸਤ੍ਰੀ ਨੂੰ ਇਹ ਆਵਾਜ਼ ਉਸਦੀ ਆਪਣੀ ਆਵਾਜ਼ ਅਨੁਭਵ ਹੁੰਦੀ ਹੈ। ਮੈਂ ਅੰਮ੍ਰਿਤਾ ਵਰਗੀ ਪ੍ਰਸਿੱਧ ਕਵਿੱਤਰੀ ਨੂੰ ਮੇਰੀ ਕਵਿਤਾ ਸੁਣ ਕੇ ਹੰਝੂ ਵਹਾਉਂਦਿਆਂ ਤੱਕਿਆ ਹੈ। ਇਸ ਵਿਚ ਮੇਰੀ ਕੋਈ ਵਡਿਤਣ ਨਹੀਂ – ਪਰ ਸਿਰਫ ਇਸਤ੍ਰੀ ਪੀੜਾ ਬਾਰੇ ਮੇਰੇ ਅਹਿਸਾਸ ਦੀ ਤੀਬਰਤਾ ਦਾ ਕ੍ਰਿਸ਼ਮਾ ਹੀ ਹੈ। ਇਹੋ ਕਾਰਨ ਹੈ ਕਿ ਮੇਰੀਆਂ ਉਪਾਸ਼ਕ ਕੁੜੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ।”
ਸ਼ਿਵ ਦੇ ਮੂੰਹੋਂ ਸਦਾ ਅਜ਼ਰ-ਬਾਈਜਾਨ ਦੇ ਮਹਾਨ ਕਵੀ ਹਮਜ਼ਾਤੁਲ ਰਸੂਲ ਦੀ ਕਵਿਤਾ ਦੀਆਂ ਇਹ ਸਤਰਾਂ ਨਿਕਲਦੀਆਂ :
‘ਐ ਪ੍ਰਸ਼ੰਸਾ! ਤੂੰ ਜਿਊਂਦਿਆਂ ਜੀ
ਮੇਰੇ ਦਰ ‘ਤੇ ਨਾ ਆਵੀਂ
ਕਿਉਂ ਜੋ, ਤੇਰੇ ਆਉਣ ਨਾਲ
ਮੈਂ ਮਰ ਜਾਵਾਂਗਾ
ਤੂੰ ਮੋਇਆਂ ਕੋਲ ਜਾ
ਦੇ ਸਕਦੀ ਹੈਂ ਤੂੰ ਉਨ੍ਹਾਂ ਨੂੰ ਜੀਵਨ’
1965 ਵਿਚ ਸ਼ਿਵ ਨੇ ‘ਲੂਣਾ’ ਮਹਾਂਕਾਵਿ ਦੀ ਰਚਨਾ ਕਰ ਕੇ ਸਾਰੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ। ਇਸ ਮਹਾਂਕਾਵਿ ਨਾਲ ਉਸ ਨੇ ਬਿਰਹਾ ਕਾਵਿ ਦੇ ਪਹਿਲੇ ਪੜਾਅ ਦਾ ਸਫਰ ਮੁਕਾ ਦਿੱਤਾ ਸੀ। ਇਹ ਆਪਣੀ ਕਿਸਮ ਦੀ ਪਹਿਲੀ ਰਚਨਾ ਸੀ, ਜੋ ਪੂਰਨ ਭਗਤ ਦੀ ਕਥਾ ਦਾ ਇਕ ਨਵੀਨ ਪੱਖ ਸਾਹਮਣੇ ਲਿਆਈ। ਸ਼ਿਵ ਨੇ ਕਈ ਸਦੀਆਂ ਤੋਂ ਪੁਰਸ਼ ਪ੍ਰਧਾਨ ਸਮਾਜ ਦੇ ਜਾਬਰ ਪੈਰਾਂ ਹੇਠ ਲਤਾੜੀ ਹੋਈ ਨਿਰਦੋਸ਼ ਨਾਰੀ ‘ਲੂਣਾ’ ਨੂੰ ਦੋਸ਼ ਮੁਕਤ ਕਰਨ ਦਾ ਪਹਿਲੀ ਵਾਰ ਹੌਂਸਲਾ ਕੀਤਾ। ਉਸਨੇ ‘ਲੂਣਾ’ ਦਾ ਪੱਖ ਪੂਰ ਕੇ ਇਸਤਰੀ ਜਾਤੀ ਨਾਲ ਸਦੀਆਂ ਤੋਂ ਹੋ ਰਹੇ ਅਨਿਆਂ ਵਿਰੁੱਧ ਵਿਦਰੋਹ ਦੀ ਆਵਾਜ਼ ਉਠਾਈ। ਉਸ ਨੇ ਜਲੰਧਰ ਰੇਡੀਓ ’ਤੇ ਇਕ ਵਿਸ਼ੇਸ਼ ਮੁਲਾਕਾਤ ਵਿਚ ‘ਲੂਣਾ’ ਮਹਾਂਕਾਵਿ ਬਾਰੇ ਕਿਹਾ ਸੀ – ‘ਮੈਂ ਲੂਣਾ ਲਿਖਣ ਤੋਂ ਪਹਿਲਾਂ ਕਾਦਰਯਾਰ ਨੂੰ ਪੜ੍ਹਿਆ, ਪ੍ਰੋ. ਪੂਰਨ ਸਿੰਘ ਨੂੰ ਪੜ੍ਹਿਆ, ਕਾਲੀ ਦਾਸ ਦਾ ਕਿੱਸਾ ਪੜ੍ਹਿਆ। ਮੈਨੂੰ ਜਦੋਂ ਲੂਣਾ ਦਾ ਚਿਹਰਾ ਦਿਸਦਾ ਤਾਂ ਮੈਨੂੰ ਸੁਹਣੀ ਜਿਹੀ, ਅੱਗ ਦੀ ਉਮਰ ਦੀ ਮੁਟਿਆਰ ਦਿਸਦੀ। ਜਦੋਂ ਸਲਵਾਨ ਦਿਸਦਾ ਤਾਂ ਸੱਤਰ ਸਾਲਾਂ ਦਾ, ਝੁਰੜੀਆਂ ਭਰਿਆ, ਫ਼ਜ਼ੂਲ ਜਿਹਾ ਚਿਹਰਾ ਦਿਸਦਾ। ਮੇਰਾ ਅੰਦਰ ਤੜਪ ਉੱਠਦਾ। ਮੈਂ ਇਸ ਕਥਾ ਨੂੰ ਕਿੱਸੇ ‘ਪੂਰਨ ਭਗਤ’ਤੇ ਆਧਾਰ ’ਤੇ ਹੀ ਲਿਆ ਹੈ। ਕਥਾ-ਕਥੌਲੀ ਬਿਲਕੁਲ ਕਾਦਰਯਾਰ ਦੀ ਹੈ ਤੇ ਪਾਤਰ ਵੀ ਉਹੋ ਹਨ, ਸਿਰਫ਼ ਅੰਤਰ ਹੈ ਤਾਂ ਅੱਜ ਦੇ ਸਮੇਂ ਦੀ ਸੋਚ ਦਾ।’
ਸ਼ਿਵ ਕੁਮਾਰ ਦੀ ‘ਲੂਣਾ’ ਅਜਿਹੀ ਰਚਨਾ ਸਿੱਧ ਹੋਈ, ਜਿਸ ਵਿਚ ਉਸਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਉੱਤਰ ਕੇ ਇਸਤਰੀ ਲਈ ਪਾਠਕਾਂ ਦੇ ਮਨ ਵਿਚ ਹਮਦਰਦੀ ਦੇ ਭਾਵ ਜਗਾਏ। ਬੇਸ਼ੱਕ ਉਸਨੇ ਨਿਰਦੋਸ਼ ਲੂਣਾ ਨੂੰ ਪਹਿਲੀ ਵਾਰ ਦੋਸ਼ ਮੁਕਤ ਕਰਨ ਦਾ ਸਫਲ ਯਤਨ ਕੀਤਾ ਸੀ ਅਤੇ ਅਜਿਹਾ ਕਰ ਸਕਣਾ ਉਸਦਾ ਕਾਵਿਕ ਸਾਹਸ ਤੇ ਸਾਹਿਤਕ ਦਿਆਨਤ-ਦਾਰੀ ਸੀ- ਜੋ ਉਸਨੇ ਬਿਨਾਂ ਕਿਸੇ ਡਰ ਜਾਂ ਭੈਅ ਦੇ ਇਹ ਮਹਾਂਕਾਵਿ ਰਚਕੇ ਨੇਪਰੇ ਚਾੜ੍ਹੀ। ਸ਼ਿਵ ਦੀ ਲਾਲਸਾ ਧਰਤ ਦੇ ਮਾਲਕ ਨੇ ਪੂਰੀ ਕਰ ਦਿੱਤੀ ਸੀ। ਉਸਨੇ ਸਿੱਧ ਕਰ ਦਿੱਤਾ ਸੀ ਕਿ ਉਹ ਸੱਚਮੁੱਚ ਹੀ ਉਸਤਾਦ ਮਹਾਂਕਵੀ ਹੈ।
‘ਲੂਣਾ’ ਮਹਾਂਕਾਵਿ ਨੂੰ ਸਾਲ 1967-68 ਵਿਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਕੌਮੀ ਪੁਰਸਕਾਰ ਪ੍ਰਾਪਤ ਹੋਇਆ ਭਾਰਤੀ ਸਾਹਿਤ ਅਕਾਦਮੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਕਿ ਇੰਨੀ ਛੋਟੀ ਉਮਰ ਦੇ ਸਾਹਿਤਕਾਰ ਨੂੰ ਇਕ ਪੁਰਸਕਾਰ ਮਿਲਿਆ ਹੋਵੇ। (ਚਲਦਾ)
ਗੀਤਾਂ ਦਾ ਸੱਚਾ ਵਣਜਾਰਾ – ਅਖ਼ੀਰੀ (3)
1965 ਵਿਚ ਸ਼ਿਵ ਨੇ ‘ਸ਼ੌਕਣ ਮੇਲੇ ਦੀ’ ਫਿਲਮ ਲਈ ਗੀਤ ਲਿਖੇ। ਇਹ ਸਨ ‘ਜਾਚ ਮੈਨੂੰ ਆ ਗਈ ਖ਼ਮ ਖਾਣ ਦੀ’, ‘ਕੰਡਿਆਲੀ ਥੋਰ੍ਹ’, ‘ਮੇਰੀ ਝਾਂਜਰ ਤੇਰਾ ਨਾਂ ਲੈਂਦੀ’। ਇਨ੍ਹਾਂ ਗੀਤਾਂ ਨੂੰ ਮੁਹੰਮਦ ਰਫ਼ੀ ਅਤੇ ਆਸ਼ਾ ਭੋਸਲੇ ਨੇ ਆਪਣੀ ਆਵਾਜ਼ ਦਿੱਤੀ। ਇਸ ਫ਼ਿਲਮ ਲਈ ਸ਼ਿਵ ਨੇ ਹਾਸ ਕਲਾਕਾਰ ਗੋਪਾਲ ਸਹਿਗਲ ਲਈ ਇਕ ਹਾਸ-ਰਾਸ ਦਾ ਗੀਤ ਉਚੇਚਾ ਲਿਖਿਆ ਸੀ:-
ਕੁਕੜੂ ਘੜੂੰ
ਆ ਗਿਆ ਸਿਆਲਾ
ਮੈਨੂੰ ਲਗਦਾ ਈ ਪਾਲਾ
ਲੈ ਦੇ ਰਜਾਈ ਜੋਗਾ ਰੂੰ
ਕੁਕੜੂ ਘੜੂੰ
ਦੇਖਿਆ ਬਾਟਾਲਾ
ਗੋਈ ਬਣਦਾ ਨਹੀਂ ਸਾਲਾ
ਤੂੰ ਬਣ ਭਾਈਏ ਦੀ ਨੂੰਹ
ਕੁਕੜੂ ਘੜੂੰ
ਪੰਜਾਬ ਨਾਟਯ ਸੰਘ, ਚੰਡੀਗੜ੍ਹ ਨੇ ‘ਸ਼ੌਕਣ ਮੇਲੇ ਦੀ’ ਫ਼ਿਲਮ ਲਈ ਵਧੀਆ ਗੀਤ ਲਿਖਣ ’ਤੇ ਸ਼ਿਵ ਨੂੰ ਸਨਮਾਨਿਤ ਕੀਤਾ। ਉਸ ਨੇ ‘ਨੀਮ ਹਕੀਮ’ ਫ਼ਿਲਮ ਲਈ ਵੀ ਗੀਤ ਲਿਖੇ ਪਰ ਇਸ ਪਿੱਛੋਂ ਉਸ ਨੇ, ਸਲਾਹੇ ਜਾਣ ਦੇ ਬਾਵਜੂਦ, ਫ਼ਿਲਮਾਂ ਲਈ ਗੀਤ ਨਾ ਲਿਖੇ।
5 ਫਰਵਰੀ 1967 ਨੂੰ ਸ਼ਿਵ ਦਾ ਵਿਆਹ ਅਰੁਣਾ ਨਾਲ ਹੋ ਗਿਆ। ਅਰੁਣਾ ਪਿੰਡ ਮੰਗਿਆਲ, ਤਹਿਸੀਲ ਪਠਾਨਕੋਟ, ਜ਼ਿਲ੍ਹਾ ਗੁਰਦਾਸਪੁਰ ਦੀ ਜੰਮਪਲ ਸੀ। ਉਹ ਘੱਟ ਬੋਲਣ ਵਾਲੀ, ਖੁਸ਼-ਮਿਜ਼ਾਜ, ਰੁਹਣੀ ਸੁਣੱਖੀ, ਸੁਸ਼ੀਲ ਸੁਭਾਅ ਦੀ ਕੁੜੀ ਸੀ। ਉਸਦੇ ਪਿੰਡ ਇਕ ਪਾਸੇ ਹਾਵੀ ਵਗਦੀ ਸੀ ਅਤੇ ਦੂਜੇ ਪਾਸੇ ਦੂਰ ਨੀਲੇ ਪਹਾੜਾਂ ਦਾ ਮਨੋਹਰ ਦ੍ਰਿਸ਼ ਦਿਖਾਈ ਦਿੰਦਾ। ਉਸ ਸਾਰੇ ਇਲਾਕੇ ਵਿਚ ਸਿਰਫ਼ ਉਨ੍ਹਾਂ ਦਾ ਪਰਿਵਾਰ ਹੀ ਪੜ੍ਹਿਆ ਲਿਖਿਆ ਸੀ। ਅਰੁਣਾ ਦੇ ਦਾਦਾ ਜੀ ਐਸ.ਡੀ.ਓ. ਸਨ ਅਤੇ ਪਿਤਾ ਜੀ ਸ੍ਰੀ ਹਰਬੰਸ ਲਾਲ ਵਕੀਲ ਸਨ। ਸ਼ਿਵ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਅਤੇ ਅਰੁਣਾ ਦੇ ਦਾਦਾ ਜੀ ਪੰਡਤ ਕਸ਼ਮੀਰੀ ਮੱਲ ਦਾ ਇਕ ਦੂਜੇ ਨਾਲ ਉੱਠਣਾ ਬੈਠਣਾ ਸੀ। ਇਹ ਵਿਆਹ ਉਨ੍ਹਾਂ ਦੋਹਾਂ ਦੀ ਪੁਰਾਣੀ ਜਾਣ-ਪਛਾਣ ਕਰਕੇ ਹੋਇਆ। ਪਰ ਸੱਚ ਤਾਂ ਇਹ ਹੈ ਕਿ ਸੰਜੋਗ ਧੁਰੋਂ ਹੀ ਲਿਖੇ ਹੁੰਦੇ ਹਨ, ਬੰਦਾ ਤਾਂ ਸਿਰਫ਼ ਕਾਰਨ ਹੀ ਬਣਦਾ ਹੈ।
ਉਨ੍ਹੀਂ ਦਿਨੀਂ ਸ਼ਿਵ ਸਟੇਟ ਬੈਂਕ ਆਫ਼ ਇੰਡੀਆ, ਬਟਾਲਾ ਵਿਚ ਨੌਕਰੀ ਕਰਦਾ ਸੀ। ਪੰਜਾਬੀ ਦਾ ਸੁਪ੍ਰਸਿੱਧ ਕਵੀ ਹੋਣ ਕਰਕੇ ਉਸ ਨੂੰ ਮਾਮ ਅਰਥ ਨੌਕਰੀ ਦਿੱਤੀ ਗਈ ਸੀ। ਉਸ ਤੋਂ ਦਫ਼ਤਰ ਦਾ ਕੋਈ ਕੰਮ ਨਹੀਂ ਸੀ ਲਿਆ ਜਾਂਦਾ। ਇਹ ਇਕ ਤਰ੍ਹਾਂ ਦਾ ਕਵੀ ਹੋਣ ਦਾ ਵਜ਼ੀਫ਼ਾ ਹੀ ਲੱਗਿਆ ਹੋਇਆ ਸੀ। ਬਟਾਲੇ ਰਹਿੰਦਿਆਂ ਸ਼ਿਵ-ਅਰੁਣਾ ਦਾ ਪਰਿਵਾਰ, ਬੇਟੇ ਮਿਹਰਬਾਨ ਅਤੇ ਬੇਟੀ ਪੂਜਾ ਦੇ ਜਮਨ ਨਾਲ ਸੰਪੂਰਨ ਹੋ ਗਿਆ ਸੀ। ਸ਼ਿਵ ਨੇ ਚੰਡੀਗੜ੍ਹ ਵਿਚਲੀ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਬਦਲੀ ਕਰਵਾ ਲਈ।
ਸ਼ਿਵ ਅਰੁਣਾ ਤੇ ਬੱਚਿਆਂ ਨੂੰ ਨਾਲ ਲੈ ਕੇ 1969 ’ਚ ਚੰਡੀਗੜ੍ਹ ਆ ਗਿਆ। ਉਨ੍ਹਾਂ ਨੇ ਪਹਿਲਾਂ ਸੈਕਟਰ 15 ਵਿਚ ਘਰ ਕਿਰਾਏ ’ਤੇ ਲਿਆ, ਫਿਰ ਬਾਅਦ ਵਿਚ ਸੈਕਟਰ 21 ਵਿਚ ਰਹਿਣ ਲੱਗੇ। ਚੰਡੀਗੜ੍ਹ ਆ ਕੇ ਸ਼ਿਵ ਦੇ ਦੋਸਤਾਂ ਅਤੇ ਉਪਾਸ਼ਕਾਂ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ ਸੀ। ਘਰ ਵਿਚ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ। ਤਿੰਨੋਂ ਵਕਤ ਦੀ ਰੋਟੀ ਉਨ੍ਹਾਂ ਨਾਲ ਕੋਈ ਨਾ ਕੋਈ ਜ਼ਰੂਰ ਖਾਂਦਾ। ਇਵੇਂ ਲਗਦਾ ਸੀ ਜਿਵੇਂ ਰੋਜ਼ ਹੀ ਘਰ ’ਚ ਵਿਆਹ ਧਰਿਆ ਹੋਵੇ। ਇਹ ਸਿਲਸਿਲਾ ਸ਼ਿਵ ਦੇ 1972 ਵਿਚ ਇੰਗਲੈਂਡ ਜਾਣ ਤੱਕ ਜਾਰੀ ਰਿਹਾ। ਉਹ ਜਿੰਨੀ ਕਮਾਈ ਕਰਦਾ, ਉਸ ਤੋਂ ਵੱਧ ਖਰਚ ਕਰ ਦਿੰਦਾ। ਰੋਜ਼ ਸ਼ਾਮ ਨੂੰ ਸੈਕਟਰ 22 ਵਿਚ ਪ੍ਰੀਤਮ ਘੜੀ ਸਾਜ਼ ਦੀ ਦੁਕਾਨ ’ਤੇ ਦੋਸਤ ਮਿਲ ਬੈਠਦੇ। ਕਦੀ ਕਦੀ ਸ਼ਿਵ, ਬੇਟੇ ‘ਵ੍ਹਿਸਕੀ’ ਨੂੰ ਵੀ ਗੋਦੀ ਚੁੱਕ ਕੇ ਇਨ੍ਹਾਂ ਮਹਿਫ਼ਿਲਾਂ ਵਿਚ ਲੈ ਆਉਂਦਾ। ਮਿਹਰਬਾਨ ਨੂੰ ਸ਼ਿਵ ਪਿਆਰ ਨਾਲ ਵ੍ਹਿਸਕੀ ਕਹਿ ਕੇ ਹੀ ਬੁਲਾਉਂਦਾ ਸੀ।
ਸ਼ਿਵ ਨੇ ਸਦਾ ਵਾਂਗ ਲਿਖਣ ਤੋਂ ਪਹਿਲਾ ਸਫ਼ੇ ਦੇ ਉੱਪਰ ੴ ਲਿਖਿਆ। ਫੇਰ ਅੱਖਾਂ ਮੀਟ ਕੇ ਕੁਝ ਸੋਚਣ ਲੱਗਿਆ। ਅਰੁਣਾ ਮੰਜੇ ’ਤੇ ਲੰਮੀ ਪਈ ਸੀ। ਸ਼ਿਵ ਪੁਆਂਦੀ ਲੱਤਾਂ ਲਮਕਾਈ ਬੈਠਾ ਸੀ। ਫਿਰ ਉਸ ਦੀ ਕਲਮ ਸਫ਼ੇ ਦੀ ਹਿੱਕ ’ਤੇ ਦਬਾਦਬ ਸ਼ਬਦ ਵਾਹੁਣ ਲੱਗੀ। ਉਹ ਕਦੇ-ਕਦੇ ਕੋਈ ਇਕ ਅੱਧਾ ਸ਼ਬਦ ਕੱਟ ਦਿੰਦਾ, ਉਸ ਦੀ ਥਾਂ ਕੋਈ ਹੋਰ ਸ਼ਬਦ ਧਰ ਦਿੰਦਾ। ਦਸਾ ਪੰਦਰਾਂ ਮਿੰਟਾਂ ਵਿਚ ਹੀ ਇਕ ਗੀਤ ਦਾ ਜਨਮ ਹੋ ਗਿਆ ਸੀ। ਗੀਤ ਦਾ ਸਿਰਲੇਖ ਉਸਨੇ ‘ਸੋਗ’ ਰੱਖਿਆ। ਉਹ ਹੁਣ ਉੱਠ ਕੇ ਕਮਰੇ ਵਿਚ ਇਕ ਕੋਨੇ ਤੋਂ ਦੂਜੇ ਕੋਨੇ ਤਕ ਲਗਾਤਾਰ ਤੁਰ ਰਿਹਾ ਸੀ, ਨਾਲ ਹੀ ਉਹ ਥੋੜ੍ਹਾ ਥੋੜ੍ਹਾ ਗੁਣਗੁਣਾ ਰਿਹਾ ਸੀ। ਨਵੇਂ ਰਚੇ ਗੀਤ ਦੀ ਧੁਨ ਤਿਆਰ ਕਰਕੇ ਉਸ ਨੇ ਇਹ ਗੀਤ ਅਰੁਣਾ ਨੂੰ ਸੁਣਾਇਆ। ਅਰੁਣਾ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਸਨ। ਉਹ ਹੈਰਾਨ ਸੀ ਕਿ ਇਹ ਦਰਦ-ਪਰੁੱਚਾ ਗੀਤ ਅਤੇ ਉਤਨੀ ਹੀ ਸੋਗਮਈ ਧੁਨ ਸ਼ਿਵ ਨੇ ਕਿੰਨੇ ਸ਼ਾਂਤ ਚਿਰ ਰਹਿ ਕੇ ਸਹਿਜੇ ਹੀ ਰਚ ਦਿੱਤੀ ਸੀ। ਉਹ ਸੋਚ ਰਹੀ ਸੀ ‘ਵਾਹ ਰੱਬਾ ਤੇਰਾ ਕਮਾਲ! ਬਿਰਹਾ ਦਾ ਸੁਲਤਾਨ ਮੁਸਕਰਾਉਂਦਾ ਹੋਇਆ ਹੌਕਿਆਂ ਭਰਿਆ ਗੀਤ ਰਚ ਗਿਆ’। ਸੱਚ ਹੀ ਸ਼ਿਵ ਨੂੰ ਕਵਿਤਾ ਅਤੇ ਮਧੁਰ ਆਵਾਜ਼ ਰੱਬੀ ਦਾਤ ਵਜੋਂ ਪ੍ਰਾਪਤ ਹੋਈ ਸੀ। ਉਹ ਆਪ ਵੀ ਕਦੇ ਇਸ ਰਹੱਸ ਦਾ ਭੇਤ ਨਹੀਂ ਜਾਣ ਸਕਿਆਸੀ ਕਿ ਉਸ ਦੇ ਅੰਦਰ ਇਹ ਕਵਾਤਾ ਕਿਥੋਂ ਉਤਰਦੀ ਹੈ?
ਸ਼ਿਵ, ਲੂਣਾ ਲਿਖਣ ਤੋਂ ਬਾਅਦ ਘੱਟ ਹੀ ਲਿਖਦਾ ਰਿਹਾ ਸੀ। ਉਸ ਦੀ ਕਵਿਤਾ ਨੇ 1960 ਤੋਂ ਲੈ ਕੇ 1965 ਤੱਕ ਠਾਠਾਂ ਮਾਰਦੇ ਸ਼ੂਕਦੇ ਅਠੱਲ੍ਹ ਦਰਿਆ ਵਾਂਗ ਪੈਂਡਾ ਮੁਕਾਇਆ ਸੀ। ਉਸ ਬਾਰੇ ਸਾਰੇ ਕਹਿੰਦੇ ‘ਰੱਬ ਖ਼ੈਰ ਕਰੇ ! ਅੱਜ ਤੱਕ ਅਸੀਂ ਕਿਸੇ ਨੂੰ ਵੀ ਏਨੀ ਤੇਜ਼ੀ ਨਾਲ ਛੋਟੀ ਉਮਰੇ ਹੀ ਸਫ਼ਲਤਾ ਦੀ ਸਿਖ਼ਰ ’ਤੇ ਚੜ੍ਹਿਆਂ ਨਹੀਂ ਵੇਖਿਆ।’ ਉਹ ਛੋਟੀ ਉਮਰ ਤੋਂ ਹੀ ਆਪਣੀ ਕਵਿਤਾ ਨਾਲ ਇਕਮਿਕ ਹੋ ਕੇ ਦੌੜਦਾ ਰਿਹਾ ਸੀ। ਕਾਵਿ ਦਰਿਆ ਤਾਂ ਸਾਗਰ ਕੰਢੇ ’ਤੇ ਪਹੁੰਚ ਹੀ ਗਿਆ ਸੀ ਇਸਨੇ ਸਾਗਰ ਵਿਚ ਆਪਣਾ ਆਪਾ ਘੋਲ ਦੇਣਾ ਸੀ। ਇਸ ਦੀਆਂ ਗਹਿਰਾਈਆਂ ਵਿਚ ਲਹਿ ਕੇ ਸ਼ਾਂਤ ਹੋ ਜਾਣਾ ਸੀ। ਪਰ ਇਹ ਕੀ? ਸ਼ਿਵ ਵੀ ਇਸ ਪਵਿੱਤਰ ਸਰਵਰ ਨਾਲ ਇਕਮਿਕ ਹੋ ਜਾਣਾ ਚਾਹੁੰਦਾ ਸੀ। ਉਹ ਕਵੀ ਜਨਮਿਆ ਸੀ ਅਤੇ ਕਵੀ ਹੀ ਮਰਨਾ ਲੋਚਦਾ ਸੀ। ਪਰ ਹਾਲੀ ਤਾਂ ਉਸਦੀ ਕਵਿਤਾ ਅਤੇ ਉਸਨੇ ਭਰ ਜੋਬਨ ਦੀ ਰੁੱਤ ਵਿਚ ਪੈਰ ਹੀ ਧਰੇ ਸਨ।
1970 ਵਿਚ ਮੈਂ ਤੇ ਮੈਂ ਲੈ ਕੇ ਸ਼ਿਵ ਇਕ ਵਾਰ ਫਿਰ ਪਾਠਕਾਂ ਦੇ ਸਨਮੁਖ ਹੋਇਆ। ਇਸ ਰਚਨਾ ਵਿਚ ਉਸਨੇ ਮਨੁੱਖ ਦੇ ਵਿਅਕਤੀਤਨ ਅਤੇ ਅਸਤਿਤਵ ਦਾ ਪਰਚਪਰ ਪਾਰਤਾਲਾਪ ਕਰਵਾਉਂਦੇ ਹੋਏ ਅਜੋਕੇ ਮਨੁੱਖ ਦੀ ਖੰਡਿਤ ਸ਼ਖ਼ਸੀਅਤ ਦਾ ਡੂੰਘਾ ਅਧਿਐਨ ਪ੍ਰਸਤੁਤ ਕੀਤਾ। ਪਰ ਇਸ ਕਾਵਿ ਸੰਗ੍ਰਹਿ ਦੀ ਸਮੁੱਚੀ ਪ੍ਰਾਪਤੀ ਚੁੱਪ ਦੀ ’ਵਾਜ ਸੁਣੋ ਵਾਲੇ ਭਾਗ ਸੀ। ਆਖਿਰ ਸ਼ਿਵ ਮਹਾਨ ਸੱਚ ਦੇ ਧੁਰ ਅੰਦਰ ਪਹੁੰਚ ਹੀ ਗਿਆ ਸੀ, ਉਸ ਦੀ ਲਿਵ ਤਾਂ ਪਹਿਲਾਂ ਹੀ ਪ੍ਰਭੂ ਨਾਲ ਜੁੜੀ ਹੋਈ ਸੀ, ਪਰ ਇਸ ਪੜਾਅ ’ਤੇ ਆ ਕੇ ਉਸਨੂੰ ਰੱਬ ਵਰਗੇ ਸੱਚ ਦੀ ਪ੍ਰਾਪਤੀ ਹੋਈ। ਇਹ ਸ਼ਿਵ ਦੀ ਅੰਤਮ ਕਾਵਿ ਰਚਨਾ ਸੀ। ਭਾਵੇਂ 1971 ਵਿਚ ਉਸ ਦਾ ਆਰਤੀ ਨਾਂ ਹੇਠ ਇਕ ਹੋਰ ਕਾਵਿ ਸੰਗ੍ਰਹਿ ਛਪਿਆ ਪਰ ਇਸ ਵਿਚ ਬਹੁਤੀਆਂ ਰਚਨਾਵਾਂ 1963 ਤੋਂ 1964 ਦੀਆਂ ਲਿਖਿਆਂ ਸਨ ਅਤੇ ਕੁਝ ‘ਲੂਣਾ’ ਤੋਂ ਬਾਅਦ ਦੀਆਂ।
1972 ਦੇ ਅਪ੍ਰੈਲ ਦਾ ਮਹੀਨਾ ਸੀ। ਸ਼ਿਵ ਬੱਚਿਆਂ ਨਾਲ ਖੇਡ ਰਿਹਾ ਸੀ। ਅਰੁਣਾ ਰਸੋਈ ਵਿਚ ਸੀ। ਉਹ ਕਦੇ ਬੱਚਿਆਂ ਲਈ ਘੋੜਾ ਬਣ ਜਾਂਦਾ ਅਤੇ ਕਦੇ ਸ਼ੇਰ ਬਣ ਕੇ ਡਰਾਉਂਦਾ। ਬੱਚੇ ਡਰ ਕੇ ਦੌੜਦੇ ਮਾਂ ਕੋਲ ਰਸੋਈ ਵਿਚ ਜਾ ਪੁੱਜਦੇ। ਸ਼ਿਵ ਵੀ ਪਿੱਛੇ-ਪਿੱਛੇ ਸ਼ੇਰ ਦੀ ਆਵਾਜ਼ ਕੱਢਦਾ ਪਹੁੰਚ ਜਾਂਦਾ। ਅਰੁਣਾ ਦੋਹਾਂ ਬੱਚਿਆਂ ਨੂੰ ਚੁੱਕ ਕੇ ਸਲੈਬ ਉੱਤੇ ਬਿਠਾ ਲੈਂਦੀ।
ਸ਼ਿਵ ਦੀ ਸਿਹਤ ਇਨ੍ਹਾਂ ਦਿਨਾਂ ਵਿਚ ਕੁਝ ਢਿੱਲੀ ਰਹਿੰਦੀ ਸੀ। ਜਦੋਂ ਦੀ ਉਸ ਦੇ ਸੈਕਟਰ 22 ਵਿਚ ਬੇਹੋਸ਼ ਹੋ ਕਿ ਡਿੱਗਣ ਨਾਲ ਸਿਰ ਵਿਚ ਸੱਟ ਲੱਗ ਗਈ ਸੀ, ਉਦੋਂ ਤੋਂ ਉਸ ਨੂੰ ਬੇਹੋਸ਼ੀ ਦੇ ਦੌਰੇ ਪੈਣ ਲੱਗ ਗਏਸਨ। ਉਸ ਦਾ ਸਾਹ ਰੁਕ ਜਾਂਦਾ ਸੀ। ਉਸੇ ਵੇਲੇ ਉਸ ਨੂੰ ਟੀਕਾ ਲਾਉਣਾ ਪੈਂਦਾ। ਡਾਕਟਰਾਂ ਦਾ ਕਹਿਣਾ ਸੀ ਕਿ ਇਹ ਦੌਰੇ ਉਸ ਲਈ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।
ਅਜਿਹੇ ਸੰਕਟ ਦੇ ਦਿਨਾਂ ਵਿਚ ਰੂਪਵਤੀ ਪੰਜਾਬੀ ਮਾਸਿਕ ਦੇ ਸਰਪ੍ਰਸਤ ਜੋੜੇ ਸ੍ਰੀਮਤੀ ਕੈਲਾਸ਼ ਪੁਰੀ ਅਤੇ ਡਾ. ਗੁਪਾਲ ਪੁਰੀ ਦਾ ਇੰਗਲੈਂਡ ਤੋਂ ਸ਼ਿਵ ਨੂੰ ਸੱਦਾ ਆ ਗਿਆ। ਅਰੁਣਾ ਨਹੀਂ ਸੀ ਚਾਹੁੰਦੀ ਕਿ ਉਹ ਇੰਗਲੈਂਡ ਜਾਵੇ ਪਰ ਸ਼ਿਵ ਦਾ ਕਹਿਣਾ ਸੀ ਕਿ ਉਹ ਉਥੇ ਆਪਣਾ ਇਲਾਜ ਕਰਵਾਏਗਾ।
ਸ਼ਿਵ 18 ਮਈ 1972 ਨੂੰ ਇੰਗਲੈਂਡ ਪਹੁੰਚਿਆ। ਡਾ. ਗੁਪਾਲ ਪੁਰੀ ਉਸ ਨੂੰ ਆਪ ਲੈਣ ਆਏ। ਇੰਗਲੈਂਡ ਵੇਖਣ ਦੀ ਰੀਝ ਸ਼ਿਵ ਨੂੰ ਬੜੇ ਚਿਰ ਤੋਂ ਸੀ। ਸ਼ਿਵ ਦੇ ਪ੍ਰੇਮੀਆਂ ਨੇ ਉਸਨੂੰ ਅੱਖਾਂ ’ਤੇ ਚੁੱਕ ਲਿਆ। ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਕਵੀ ਦਰਬਾਰ ਹੋਏ। ਹਰ ਥਾਂ ਉਸ ਦੀ ਆਓ ਭਗਤ ਹੋਈ। ਹਜ਼ਾਰਾਂ ਦਰਸ਼ਕਾਂ ਨੇ ਉਸ ਦੀ ਦਾਦ ਦਿੱਤੀ, ਦੋਸਤੀ ਦਾ ਨਿੱਘ ਦਿੱਤਾ। ਅਖ਼ਬਾਰਾਂ ਵਿਚ ਪੰਜਾਬ ਦੀ ਹੂਕ ਵਲੋਤ ਪਿਸ ਨਾਂ ਦੇ ਸਿਰਵੇਖ ਹੇਠ ਰੋਜ਼ ਖ਼ਬਰਾਂ ਛਪਦੀਆਂ, ਲੇਖ ਛਪਦੇ। ਬੀ.ਬੀ.ਸੀ. ਟੈਲੀਵਿਜ਼ਨ ਨੇ ਉਸ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਬਿਮਾਰ ਹੋਣ ਦੇ ਬਾਵਜੂਦ ਸ਼ਿਵ ਉਥੇ ਗਾਉਂਦਾ ਰਿਹਾ। ਉਸਦੇ ਪਾਣੀ ਮੰਗਿਆਂ ਵੀ ਉਸਨੂੰ ਸ਼ਰਾਬ ਮਿਲਦੀ। ਅਜਿਹਾ ਕਰ ਕੇ ਉਸਦੇ ਪ੍ਰਸ਼ੰਸਕ ਆਪਣੇ ਵਲੋਂ ਤਾਂ ਉਸ ਪ੍ਰਤੀ ਸਤਿਕਾਰ ਹੀ ਦਰਸਾਉਂਦੇ ਸਨ ਪਰ ਇਸ ਤਰ੍ਹਾਂ ਦੀ ਮਹਿਮਾਨ ਨਿਵਾਜ਼ੀ ਨੇ ਉਸ ਦੀ ਤਬੀਅਤ ਦਿਨ ਪ੍ਰਤੀ ਦਿਨ ਹੋਰ ਖ਼ਰਾਬ ਕਰ ਦਿੱਤੀ। ਸਾਢੇ ਤਿੰਨ ਮਹੀਨੇ ਸ਼ਿਵ ਇੰਗਲੈਂਡ ਦੇ ਸਰਦ ਵਾਯੂ ਮੰਡਲ ਨੂੰ ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ, ਕੰਡਿਆਲੀ ਥੋਰ੍ਹ, ਸ਼ਿਕਰਾ, ਸਿਖਰ ਦੁਪਹਿਰ ਸਿਰ ’ਤੇ ਆਦਿ ਨਜ਼ਮਾਂ ਅਤੇ ਦਰਦ ਭਿੰਨੀ ਹੁਕ ਨਾਲ ਗਰਮਾਉਂਦਾ ਰਿਹਾ। 7 ਸਤੰਬਰ 1972 ਨੂੰ ਉਹ ਬਿਨਾ ਇਲਾਜ ਕਰਵਾਏ, ਸਗੋਂ ਹੋਰ ਵੀ ਮਾੜੀ ਸਿਹਤ ਲੈ ਕੇ ਦੇਸ਼ ਪਰਤ ਆਇਆ। ਉਥੇ ਉਹ ਚੀਕਦਾ ਰਿਹਾ ਸੀ, ‘ਮੈਂ ਬਿਮਾਰ ਹਾਂ, ਮੈਂ ਥੱਕਿਆ ਹੋਇਆ ਹਾਂ, ਮੈਂ ਇਲਾਜ ਕਰਵਾਉਣਾ ਹੈ’ ਪਰ ਉਸ ਦੀ ਕਿਸੇ ਨਾ ਸੁਣੀ।
ਅਰੁਣਾ ਤੇ ਬੱਚੇ ਉਸ ਨੂੰ ਦਿੱਲੀ ਲੈਣ ਗਏ ਸਨ। ਸ਼ਿਵ ਦਾ ਸੁੱਜਿਆ ਚਿਹਰਾ ਤੇ ਕਾਲਾ ਸਿਆਹ ਹੋਇਆ ਰੰਗ ਦੇਖਕੇ ਅਰੁਣਾ ਫਿੱਸ ਪਈ ਸੀ। ਟੈਕਸੀ ਕਰ ਕੇ ਉਹ ਚੰਡੀਗੜ੍ਹ ਪੁੱਜੇ। ਸ਼ਿਵ ਨੂੰ ਇਲਾਜ ਦੀ ਲੋੜ ਸੀ, ਪਰ ਦੋ ਚਾਰ ਮਹੀਨੇ ਉਸ ਨੇ ਟਾਲ-ਮਟੋਲ ਕਰਦਿਆਂ ਹੀ ਲੰਘਾ ਦਿੱਤੇ।
1973 ਦੀ ਜਨਵਰੀ ਦਾ ਮਹੀਨਾ ਸੀ, ਜਦੋਂ ਸ਼ਿਵ ਨੂੰ ਤੀਸਰਾ ਬੇਹੋਸ਼ੀ ਦਾ ਦੌਰਾ ਪਿਆ। ਅਰੁਣਾ ਰਿਕਸ਼ਾ ਕਰ ਕੇ ਡਾਕਟਰ ਕੋਲ ਜਾ ਰਹੀ ਸੀ। ਉਸ ਨੂੰ ਰਿਕਸ਼ਾ ਹੌਲੀ ਚਲਦਾ ਲੱਗਿਆ। ਉਹ ਰਿਕਸ਼ੇ ਤੋਂ ਉਤਰ ਕੇ ਭੱਜਦੀ ਹੋਈ ਡਾਕਟਰ ਕੋਲ ਸੈਕਟਰ 22 ਪੁੱਜੀ। ਡਾਕਟਰ ਨੇ ਆਉਂਦੇ ਸਾਰ ਹੀ ਸ਼ਿਵ ਦੇ ਟੀਕਾ ਲਗਾ ਦਿੱਤਾ ਸੀ। ਅਰੁਣ ਉਸ ਦੀ ਛਾਤੀ ਮਲ ਰਹੀ ਸੀ। ਸ਼ਿਵ ਦੇ ਸੁਆਸ ਠੀਕ ਹੋ ਰਹੇ ਸਨ। ਡਾਕਟਰ ਨੇ ਸਲਾਹ ਦਿੱਤੀ ਕਿ ਕੁਝ ਦਿਨ ਹਸਪਤਾਲ ਰਹਿ ਕੇ ਸ਼ਿਵ ਨੂੰ ਇਲਾਜ ਕਰਵਾਉਣਾ ਚਾਹੀਦਾ ਹੈ। ਉਸੇ ਦਿਨ ਸੈਕਟਰ 16 ਦੇ ਸਿਵਲ ਹਸਪਤਾਲ ਵਿਚ ਉਸਨੂੰ ਦਾਖਲ ਕਰਵਾ ਦਿੱਤਾ ਗਿਆ।
ਸ਼ਿਵ ਕੋਲ ਹੁਣ ਕਦੇ ਹੀ ਕੋਈ ਮਿੱਤਰ ਬੇਲੀ ਆਉਂਦਾ। ਉਹ ਬਹੁਤਾ ਸਮਾਂ ਇਕੱਲਿਆਂ ਹੀ ਬਿਤਾਉਂਦਾ ਸੀ। ਉਸ ਦਾ ਜੀਅ ਕਾਹਲਾ ਪੈਣ ਲੱਗ ਜਾਂਦਾ। ਉਹ ਹਸਪਤਾਲ ਨਹੀਂ ਸੀ ਰਹਿਣਾ ਚਾਹੁੰਦਾ। ਆਖਿਰ ਉਸਦੀ ਜ਼ਿੱਦ ਅੱਗੇ ਹਾਰ ਮੰਨਦਿਆਂ ਅਰੁਣ ਉਸ ਨੂੰ ਘਰ ਲੈ ਆਈ।
ਛੋਟੇ-ਛੋਟੇ ਬੱਚੇ, ਬਿਮਾਰ ਪਤੀ, ਆਮਦਨ ਦਾ ਸਾਧਨ ਕੋਈ ਨਹੀਂ ਸੀ। ਜਿਹੜੀ ਤਨਖ਼ਾਹ ਆਉਂਦੀ ਉਹ ਸ਼ਿਵ ਦੇ ਇਲਾਜ ’ਤੇ ਖ਼ਰਚ ਹੋ ਜਾਂਦੀ। ਉਤੋਂ ਘਰ ਦਾ ਕਿਰਾਇਆ, ਰਾਸ਼ਨ ਪਾਣੀ ਦਾ ਖ਼ਰਚਾ, ਬੱਚਿਆਂ ਦੇ ਲੀੜੇ ਲੱਤੇ, ਗੁਜ਼ਾਰਾ ਹੋਣਾ ਬੜਾ ਔਖਾ ਹੁੰਦਾ ਜਾ ਰਿਹਾ ਸੀ। ਆਰਥਿਕ ਤੰਗੀ ਕਰਕੇ ਸ਼ਿਵ ਨੇ ਆਪਣੀ ਬਦਲੀ ਮੁੜ ਬਟਾਲੇ ਕਰਵਾ ਲਈ।
ਉਹ ਚੰਡੀਗੜ੍ਹ ਨੂੰ ਲਦਾ ਲਈ ਅਲਵਿਦਾ ਕਹਿ ਕੇ ਅਰੁਣਾ ਤੇ ਬੱਚਿਆਂ ਸਮੇਤ ਬਟਾਲੇ ਆਪਣੇ ਘਰ ਪਰਤ ਆਇਆ। ਪਰ ਉਥੇ ਵੀ ਉਸ ਨੂੰ ਆਰਾਮ ਨਸੀਬ ਨਾ ਹੋਇਆ। ਉਹ ਅਰੁਣ ਨੂੰ ਉਸਦੇ ਪੇਕੇ ਮੰਗਿਆਲ ਛੱਡ ਆਇਆ। ਉਸਦੇ ਖਿਆਲ ਸੀ ਕਿ ਬੱਚਿਆਂ ਅਤੇ ਅਰੁਣ ਦਾ ਜੀਣ ਥੋੜ੍ਹਾ ਠੀਕ ਹੋ ਜਾਵੇਗਾ ਤਾਂ ਜਾ ਕੇ ਉਨ੍ਹਾਂ ਨੂੰ ਵਾਪਸ ਲੈ ਆਵੇਗਾ ਪਰ ਅਰੁਣ ਦਾ ਧਿਆਨ ਪਤੀ ਵਿਚ ਹੀ ਰਿਹਾ। ਉਹ ਉਸਨੂੰ ਬੀਮਾਰੀ ਦੀ ਹਾਲਤ ਵਿਚ ਇਕੱਲਿਆਂ ਕਿਵੇਂ ਛੱਡ ਸਕਦੀ ਸੀ? ਉਹ ਦੋ ਦਿਨਾਂ ਬਾਅਦ ਹੀ ਬਟਾਲੇ ਪਰਤ ਆਈ। ਇਸੇ ਦਿਨ ਸ਼ਿਵ ਦਾ ਘਰਦਿਆਂ ਨਾਲ ਝਗੜਾ ਹੋ ਗਿਆ। ਮਾਂ ਨੇ ਗੁੱਸੇ ਵਿਚ ਉਸਨੂੰ ਘਰੋਂ ਨਿਕਲ ਜਾਣ ਨੂੰ ਕਹਿ ਦਿੱਤਾ ਸੀ।
23 ਅਪ੍ਰੈਲ 1973 ਦਾ ਦਿਨ ਸੀ, ਜਦੋਂ ਬੀਮਾਰ ਸ਼ਿਵ ਅਰੁਣ ਨਾਲ ਉਸ ਦੇ ਪੇਕੇ ਮੰਗਿਆਲ ਆ ਗਿਆ ਸੀ। ਬੱਚੇ ਪਹਿਲਾਂ ਹੀ ਅਰੁਣ ਪਿੰਡ ਛੱਡ ਆਈ ਸੀ। ਪੇਕੇ ਪਿੰਡ ਆਉਣ ਦਾ ਫ਼ੈਸਲਾ ਅਰੁਣ ਨੇ ਆਪਣੇ ਦਿਲ ’ਤੇ ਪੱਥਰ ਰੱਖ ਕੇ ਕੀਤਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਸ਼ਿਵ ਬੀਮਾਰੀ ਦੀ ਹਾਲਤ ਵਿਚ ਅਜਿਹੀ ਥਾਂ ਰਹੇ, ਜਿਥੇ ਨਾ ਆਵਾਜਾਈ ਦੇ ਸਾਧਨ ਦੀ ਸਹੂਲਤ ਸੀ ਤੇ ਨਾ ਹੀ ਡਾਕਟਰ ਦੀ। ਰੱਬ ਉਸ ਦੀ ਇਹ ਕਿਹੋ ਜਿਹੀ ਅਗਨੀ ਪਰੀਖਿਆ ਲੈ ਰਿਹਾ ਸੀ? ਜਦ ਉਹ ਬਟਾਲੇ ਘਰੋਂ ਬੀਮਾਰ ਸ਼ਿਵ ਦਾ ਹੱਥ ਫੜ ਕੇ ਨਿਕਲੀ ਤਾਂ ਉਸਨੂੰ ਕੁਝ ਨਹੀਂ ਸੁੱਝ ਰਿਹਾ ਸੀ। ਉਹ ਡੌਰ-ਭੌਰ ਹੋਈ ਸੋਚ ਰਹੀਸੀ ਕਿ ਰੱਬਾ ਇਹ ਕੀ ਭਾਣਾ ਵਾਪਰ ਗਿਆ ਹੈ। ਉਹ ਝੱਲ-ਮਝੱਲੀ ਹੋਈ ਕੁਝ ਦੇਰ ਬਵਟਾਲੇ ਹੀ ਫਿਰਦੀ ਰਹੀ ਸੀ। ਸਾਰੇ ਕਿਤੇ ਟੱਕਰਾਂ ਮਾਰ ਕੇ ਵੇਖ ਲਈਆਂ ਸਨ। ਬਟਾਲੇ ਸ਼ਿਵ ਨੂੰ ਕਿਸੇ ਨੇ ਵੀ ਸਹਾਰਾ ਨਾ ਦਿੱਤਾ। ਹੁਣ ਨਾ ਉਨ੍ਹਾਂ ਕੋਲ ਸਿਰ ਲੁਕਾਉਣ ਲਈ ਛੱਤ ਸੀ ਤੇ ਨਾ ਹੀ ਜੇਬ ਵਿਚ ਇੰਨੇ ਪੈਸੇ ਸਨ ਕਿ ਵੱਖਰਾ ਘਰ ਕਿਰਾਏ ’ਤੇ ਲੈ ਕੇ ਰਹਿ ਸਕਣ। ਜੇ ਅਜਿਹਾ ਹੁੰਦਾ ਤਾਂ ਭਲਾ ਉਹ ਚੰਡੀਗੜ੍ਹ ਹੀ ਕਿਉਂ ਛੱਡਦੇ। ਆਖ਼ਰ ਉਨ੍ਹਾਂ ਨੇ ਮੰਗਿਆਲ ਜਾਣ ਦਾ ਫੈਸਲਾ ਕਰ ਲਿਆ। ਹੋਰ ਉਹ ਜਾਂਦੇ ਵੀ ਕਿੱਥੇ?
ਪਿੰਡ ਪਹੁੰਚ ਕੇ ਸ਼ਿਵ ਨੇ ਅਰੁਣਾ ਤੋਂ ਵਾਅਦਾ ਲਿਆ ਸੀ। ਉਹ ਚਾਹੁੰਦਾ ਸੀ ਕਿ ਉਨ੍ਹਾਂ ਦੇ ਬੱਚੇ ਬਹੁਤ ਪੜ੍ਹਨ। ਸ਼ਿਵ ਨੇ ਆਪਣਾ ਇਹ ਸੁਪਨਾ ਅਰੁਣ ਨੂੰ ਸੱਚ ਕਰਨ ਲਈ ਕਿਹਾ ਸੀ। ਅਰੁਣ ਸਭ ਸੁਣ ਰਹੀ ਸੀ। ਨਾਲ ਹੀ ਉਸਦੀਆਂ ਅੱਖੀਆਂ ’ਚੋਂ ਹੰਝੂ ਛਮ-ਛਮ ਵਹਿ ਰਹੇ ਸਨ। ਉਸਨੇ ਸ਼ਿਵ ਨੂੰ ਬੱਚਿਆਂ ਨੂੰ ਗਲਵਕੜੀ ਵਿਚ ਲੈ ਕੇ ਚੋਰੀ-ਚੋਰੀ ਰੋਂਦਿਆਂ ਕਈ ਵਾਰ ਵੇਖਿਆ ਸੀ, ਭਾਵੇਂ ਉਹ ਸਾਰਿਆਂ ਦੇ ਸਾਹਮਣੇ ਆਪਣੇ ਚਿਹਰੇ ’ਤੇ ਚਿੰਤਾ ਦੇ ਨਿਸ਼ਾਨ ਨਹੀਂ ਸੀ ਆਉਣ ਦਿੰਦਾ।
6 ਮਈ ਦੀ ਸਵੇਰ ਨੂੰ ਸ਼ਿਵ ਰੋਜ਼ ਵਾਂਗ ਹੀ ਉਠਿਆ ਸੀ। ਨਾਈ ਕੋਲੋਂ ਹਜਾਮਤ ਕਰਵਾ ਕੇ ਅਤੇ ਨਹਾ ਧੋ ਕੇ ਉਸ ਨੇ ਛਾਹ ਵੇਵੇ ਦੋ ਗਰਾਹੀਆਂ ਰੋਟੀ ਦੀਆਂ ਖਾਧੀਆਂ ਪਰ ਦੁੱਧ ਦਾ ਭਰਿਆ ਗਿਲਾਸ ਉਵੇਂ ਦਾ ਉਵੇਂ ਹੀ ਸੁੱਚਾ ਪਿਆ ਰਹਿਣ ਦਿੱਤਾ। ਉਹ ਕੋਠੇ ’ਤੇ ਵੀਹ ਪੌੜੀਆਂ ਆਪਣੇ ਆਪ ਹੀ ਚੜ੍ਹ ਕੇ ਪੁੱਜਿਆ ਤੇ ਸਦਾ ਵਾਂਗ ਹੀ ਰੌਂਸ ’ਤੇ ਜਾ ਬੈਠਾ। ਅਰੁਣਾ ਦਾ ਛੋਟਾ ਭਰਾ ਅਵਿਨਾਸ਼ ਉਸਦੇ ਕੋਲ ਆ ਬੈਠਾ ਸੀ। ਸ਼ਿਵ ਨੇ ਉਸਨੂੰ ਕਿਹਾ, “ਯਾਰ! ਇਹ ਪਿੰਡ ਜਾਣ ਲਈ ਵੀ ਚੰਗਾ ਹੈ ਅਤੇ ਮਰਨ ਲਈ ਵੀ। ਇਸ ਪਿੰਡ ਵਿਚੋਂ ਮੈਨੂੰ ਆਪਣੇ ਪਿੰਡ ਬੜਾ ਪਿੰਡ ਲੋਹਟੀਆਂ ਦਾ ਝਉਲਾ ਪੈਂਦਾ ਹੈ। ਉਹੋ ਜਿਹਾ ਹੀ ਦਰਿਆ, ਉਹੋ ਜਿਹਾ ਹੀ ਸਾਦ-ਮੁਰਾਦੇ ਲੋਕ ਅਤੇ ਉਹੋ ਜਿਹੀ ਹੀ ਸ਼ਾਂਤੀ ਇਥੇ ਚਾਰ-ਚੁਫੇਰੇ ਪਸਰੀ ਰਹਿੰਦੀ ਹੈ।”
ਕੁਝ ਦੇਰ ਉਹ ਦੂਰ ਧੁੱਸੀ ਦੇ ਬੰਨ੍ਹ ’ਤੇ ਲੰਮੇ-ਲੰਮੇ ਝੂਮਦੇ ਸਫ਼ੇਦਿਆਂ ਨੂੰ ਨਿਹਾਰਦਾ ਰਿਹਾ। ਸਫ਼ੇਦਿਆਂ ਵਿਚੋਂ ਕਿਤੇ-ਕਿਤੇ ਚਾਂਦੀ ਰੰਗੇ ਚਿੱਟੇ ਪਾਣੀ ਦਾ ਦਰਿਆ ਰਾਵੀ ਵੀ ਝਾਤੀਆਂ ਮਾਰ ਰਿਹਾ ਸੀ। ਸ਼ਿਵ ਫਿਰ ਬੋਲਿਆ, “ਅਵਿਨਾਸ਼, ਇਉਂ ਕਰ, ਤੂੰ ਸੁੰਦਰਚੱਕ ਜਾ ਕੇ ਹਕੀਮ ਨੂੰ ਸੱਦ ਲਿਆ।” ਅਵਿਨਾਸ਼ ਉਸੇ ਵੇਲੇ ਹਕੀਮ ਨੂੰ ਲੈਣ ਚਲਾ ਗਿਆ। ਸ਼ਿਵ ਉਥੇ ਹੀ ਬੈਠ ਘਰ ਦੇ ਬਾਕੀ ਜੀਆਂ ਨਾਲ ਹੱਸਦਾ ਹੋਇਆਂ ਗੱਲਾਂ ਕਰਦਾ ਰਿਹਾ।
ਅਵਿਨਾਸ਼ ਦੁਪਹਿਰ ਢਲੇ ਵਾਪਸ ਮੁੜਿਆ ਸੀ। ਉਸ ਨੇ ਦੱਸਿਆ ਕਿ “ਹਕੀਮ ਕਹਿੰਦਾ ਸੀ ਕੱਲ੍ਹ ਆ ਕੇ ਵੇਖੇਗਾ, ਉਸਨੇ ਤਾਂ ਨਿਰਨੇ ਪੇਟ ਹੀ ਦੇਖਣਾ ਹੁੰਦਾ ਹੈ।” ਸ਼ਿਵ ਇਹ ਸੁਣਕੇ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਹਉਕਾ ਭਰਦਿਆਂ ਬੋਲਿਆ, “ਕੱਲ੍ਹ ਆਵਾਂਗਾ – ਭਾਵੇਂ ਕੋਈ ਕੱਲ੍ਹ ਤੱਕ ਬਚੇ ਹੀ ਨਾ।”
ਪਤਾ ਨਹੀਂ ਸ਼ਿਵ ਨੇ ਇਹ ਕੀ ਕਹਿ ਦਿੱਤਾ ਸੀ। ਸ਼ਾਮ ਹੋ ਚੱਲੀ ਸੀ। ਸਾਰੇ ਸ਼ਿਵ ਦੇ ਦੁਆਲੇ ਬੈਠੇ ਸਨ। ਗੱਲਾਂ ਕਰਦੇ ਕਰਦੇ ਅਚਾਨਕ ਹੀ ਸ਼ਿਵ ਨੂੰ ਬੇਹੋਸ਼ੀ ਦਾ ਦੌਰਾ ਪੈ ਗਿਆ। ਅਰੁਣਾ ਘਬਰਾਈ ਹੋਈ ਉਸਦੀ ਛਾਤੀ ਮਲ ਰਹੀ ਸੀ। ਬਾਕੀ ਸਭ ਵੀ ਕੋਈ ਉਸਦੇ ਪੈਰ ਝੱਸ ਰਿਹਾ ਸੀ ਤੇ ਕੋਈ ਹੱਥ। ਅਵਿਨਾਸ਼ ਨਾਲ ਦੇ ਪਿੰਡ ਤੋਂ ਡਾਕਟਰ ਨੂੰ ਲਿਆਉਣ ਲਈ ਚਲਿਆ ਗਿਆ ਸੀ।
ਅਵਿਨਾਸ਼ ਨੇ ਡਾਕਟਰ ਦੇ ਘਰ ਦਾ ਬੂਹਾ ਖੜਕਾਇਆ। ਉਸਨੇ ਬੂਹਾ ਖੋਲ੍ਹਿਆ। ਅਵਿਨਾਸ਼ ਨੇ ਸਾਰੀ ਗੱਲ ਉਸਨੂੰ ਦੱਸੀ ਪਰ ਡਾਕਟਰ ਨੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ। ਅਵਿਨਾਸ਼ ਨੇ ਉਸਦੇ ਤਰਲੇ ਕੱਢੇ। ਮੂੰਹ ਮੰਗੇ ਪੈਸੇ ਦੇਣ ਨੂੰ ਕਿਹਾ। ਬੱਸ ਇਕ ਟੀਕਾ ਹੀ ਤਾਂ ਲਾਉਣਾ ਸੀ। ਪਰ ਡਾਕਟਰ ਕਿਸੇ ਵੀ ਹੀਲੇ ਨਾ ਮੰਨਿਆ। ਪਠਾਨਕੋਟ ਜਾਣਾ ਵੀ ਔਖਾ ਸੀ। ਉਹ ਚਲਿਆ ਵੀ ਜਾਂਦਾ ਪਰ ਆਉਣ ਜਾਣ ਵਿਚ ਹੀ ਸਵੇਰ ਹੋ ਜਾਣੀ ਸੀ। ਹਾਤ ਦਾ ਵੇਲਾ ਸੀ। ਨਾ ਕੋਈ ਟਾਂਗਾ ਮਿਲਦਾ ਸੀ ਤੇ ਨਾ ਹੀ ਬੱਸ। ਦਸ ਮੀਲ ਦਾ ਪੈਂਡਾ ਤੁਰਕੇ ਜਾਣ ਦਾ ਵੀ ਕੀ ਲਾਭ ਸੀ? ਉਸਨੇ ਜਲਦੀ ਘਰ ਪਹੁੰਚਣ ਦਾ ਫ਼ੈਸਲਾ ਕਰ ਲਿਆ। ਉਹ ਮਾਯੂਸ ਹੋਇਆ ਘਰ ਨੂੰ ਭੱਜਿਆ ਜਾ ਰਿਹਾ ਸੀ।
ਸ਼ਿਵ ਦਾ ਸਾਹ ਕੁਝ ਟਿਕ ਗਿਆ ਸੀ ਪਰ ਟੀਕਾ ਨਹੀਂ ਲੱਗ ਸਕਿਆ। ਅਰੁਣ ਰੋ ਰੋ ਕੇ ਬੇਹਾਲ ਹੋ ਗਈ ਸੀ। ਰਾਤ ਦੇ ਲਗਭਗ ਦੋ ਕੁ ਵਜੇ ਸ਼ਿਵ ਨੇ ਅੰਤਿਮ ਸਾਹ ਲਿਆ। ਅਰੁਣ ਉਸਦੇ ਕੋਲ ਬੈਠੀ ਸੀ। ਮਿਹਰਬਾਨ ਤੇ ਪੂਜਾ ਨਾਲ ਦੇ ਮੰਜੇ ’ਤੇ ਸੁੱਤੇ ਪਏ ਸਨ। ਏਧਰ ਸ਼ਿਵ ਨੇ ਸਵਾਸ ਨਿਕਲੇ ਉਧਰ ਉਹ ਦੋਵੇਂ ਪਤਾ ਨਹੀਂ ਕਿਵੇਂ ਉਸੇ ਵੇਲੇ ਚੀਕਾਂ ਮਾਰਦੇ ਉੱਠ ਖਲੋਤੇ। ਅਰੁਣ ਨੇ ਭੱਜ ਕੇ ਉਨ੍ਹਾਂ ਦੋਹਾਂ ਨੂੰ ਗਲਵੱਕੜੀ ਵਿਚ ਲੈ ਲਿਆ। ਉਹ ਤਿੰਨੋਂ ਰੋਈ ਜਾ ਰਹੇ ਸਨ। ਸ਼ਿਵ ਦਾ ਜੋਬਨ ਰੁੱਤੇ ਮਰਨ ਦਾ ਸੁਪਨਾ ਪੂਰਾ ਹੋ ਗਿਆ ਸੀ।
ਅਗਲੇ ਦਿਨ ਅਖ਼ਬਾਰਾਂ ਤੇ ਰੇਡੀਓ ’ਤੇ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈਸੀ ਕਿ ਬਿਰਹਾ ਦਾ ਸੁਲਤਾਨ, ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ਼ 6-7 ਮਈ ਦੀ ਰਾਤ ਨੂੰ ਸਦਾ ਲਈ ਬੁਝ ਗਿਆ ਹੈ ਪਰ ਉਸ ਦੇ ਗੀਤ ਚਾਨਣ ਦੀ ਜੋਤ ਬਣਕੇ ਹਰ ਇਕ ਦੇ ਹਿਰਦੇ ਵਿਚ ਸਦਾ ਲਈ ਵੱਸ ਗਏ ਹਨ। ਉਹ ਆਪ ਤਾਂ ਚਲਾ ਗਿਆ ਹੈ ਪਰ ਉਸਦੇ ਗੀਤਾਂ ਨੇ ਉਮਰਾਂ ਦੇ ਸਰਵਰ ਵਿਚੋਂ ਡੀਕ ਲਾ ਕੇ ਅੰਮ੍ਰਿਤ ਪੀ ਲਿਆ ਹੈ। ਆਪਣੀਆਂ ਅਮਰ ਰਚਨਾਵਾਂ ਸਦਕਾ ਉਹ ਵੀ ਅਮਰ ਹੋ ਗਿਆ ਹੈ। ਇਹ ਖ਼ਬਰ ਪੜ੍ਹ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਠਾਨਕੋਟ ਤੋਂ ਬਟਾਲੇ ਦੇ ਰਸਤੇ ਵਿਚ ਖੜ੍ਹੇ, ਨੜੋਏ ਦੇ ਨਾਲ ਜਾਣ ਲਈ ਰਾਤ ਤੱਕ ਬੈਠੇ ਉਡੀਕਦੇ ਰਹੇ ਪਰ ਉਸਦਾ ਅੰਤਿਮ ਸੰਸਕਾਰ ਉਸ ਦੇ ਸਹੁਰੇ ਪਿੰਡ ਹੀ ਕਰ ਦਿੱਤਾ ਗਿਆ।
ਅੱਜ ਸ਼ਿਵ ਨੂੰ ਗੁਜ਼ਰਿਆਂ ਤੀਹ ਸਾਲ ਹੋ ਗਏ ਹਨ। ਉਸ ਦੇ ਸਦੀਵੀ ਵਿਛੋੜੇ ਤੋਂ ਕੁਝ ਚਿਰ ਬਾਅਦ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਅਰੁਣਾ ਨੂੰ ਲਾਇਬ੍ਰੇਰੀ ਵਿਚ ਨੌਕਰੀ ਦੇ ਦਿੱਤੀ ਸੀ। ਸ਼ਿਵ ਦਾ ਪਰਿਵਾਰ, ਅਰੁਣਾ, ਪੰਜ ਸਾਲ ਦਾ ਬੇਟਾ ਮਿਹਰਬਾਨ ਅਤੇ ਸਾਢੇ ਤਿੰਨ ਸਾਲ ਦੀ ਬੇਟੀ ਪੂਜਾ ਸਦਾ ਲਈ ਬਟਾਲਾ ਛੱਡ ਕੇ ਮੁੜ ਤੋਂ ਆਪਣਾ ਨਵਾਂ ਜੀਵਨ ਆਰੰਭ ਕਰਨ ਲਈ 8 ਅਕਤੂਬਰ 1973 ਨੂੰ ਪਟਿਆਲਾ ਆ ਗਏ।
ਅਰੁਣਾ ਨੇ ਆਪਣਾ ਨਵਾਂ ਜੀਵਨ 40 ਰੁਪਿਆਂ ਤੋਂ ਸ਼ੁਰੂ ਕੀਤਾ ਸੀ। ਉਸਨੇ ਇਨ੍ਹਾਂ ਤੀਹ ਸਾਲਾਂ ਵਿਚ ਕਈ ਤਰ੍ਹਾਂ ਦੀਆਂ ਔਕੜਾਂ ਮੁਸੀਬਤਾਂ ਦੇਖਿਆਂ ਪਰ ਕਦੇ ਹਿੰਮਤ ਨਾ ਹਾਰੀ। ਉਸਨੇ ਹਿੰਮਤ ਕਰ ਕੇ ਸ਼ਿਵ ਦੀਆਂ ਅਣਛਪੀਆਂ ਰਚਨਾਵਾਂ 1974 ਵਿਚ ਅਲਵਿਦਾ ਅਤੇ 1982 ਵਿਚ ਸਾਗਰ ਤੇ ਕਣੀਆਂ ਨਾਂ ਦੇ ਕਾਵਿ ਸੰਗ੍ਰਹਿਆਂ ਵਿਚ ਛਪਵਾ ਦਿੱਤੀਆਂ। ਕਈ ਆਲੋਚਕਾਂ ਨੇ ਇਨ੍ਹਾਂ ਪੁਸਤਕਾਂ ਵਿਚਲੀ ਕਵਿਤਾ ਦੇ ਮਿਆਰ ਨੂੰ ਸ਼ਿਵ ਦੀ ਪਹਿਲਾਂ ਰਚੀ ਕਵਿਤਾ ਤੋਂ ਨੀਵਾਂ ਦੱਸਿਆ। ਪਰ ਇਹ ਉਨ੍ਹਾਂ ਦਾ ਭਰਮ ਸੀ। ਇਸ ਤੋਂ ਬਿਨਾ ਅਰੁਣ ਨੇ ਸ਼ਿਵ ਦੀਆਂ ਚੋਣਵੀਆਂ ਕਵਿਤਾਵਾਂ ਦੇ ਦੋ ਕਾਵਿ ਸੰਗ੍ਰਹਿ 1973 ਵਿਚ ਬਿਰਹੜਾ ਅਤੇ 1976 ਵਿਚ ਅਸਾਂ ਜੋਬਨ ਰੁੱਤੇ ਮਰਨਾ ਵੀ ਸੰਪਾਦਿਤ ਕੀਤੇ।
ਸ਼ਿਵ ਦੀ ਸਮੁੱਚੀ ਕਾਵਿ ਰਚਨਾ ਸਤਰੰਗੀ ਪੀਂਘ ਹੈ। ਇਸ ਦੇ ਹਰ ਰੰਗ ਦੇ ਹੁਲਾਰੇ ਦਾ ਆਪਣਾ ਹੀ ਆਨੰਦ ਹੈ। ਬਿਰਹਾ ਉਦਾਸੀ ਨੇ ਸਦਾ ਹੀ ਨੀਲਾ ਰੰਗ ਰੱਖਿਆ ਹੈ। ਸ਼ਿਵ ਦੀ ਰਚਨਾ ਦਾ ਇਕ, ਨੀਲਾ ਰੰਗ, ਅਸਮਾਨ ਦੇ ਨੀਲੇ ਰੰਗ ਨਾਲ ਜਾ ਮਿਲਿਆ ਸੀ। ਇਸੇ ਕਰਕੇ ਸ਼ਿਵ ਦੀ ਸੱਤ ਰੰਗਾਂ ਦੀ ਕਵਿਤਾ ਵਿਚੋਂ ਨੀਲੇ ਰੰਗ ਵਾਲੀ ਬਿਰਹਾ ਦੀ ਕਵਿਤਾ ਆਕਾਸ਼ ਜਿਹੀ ਵਿਸ਼ਾਲ ਹੋ ਨਿੱਬੜੀ। ਪਰ ਇਸ ਦਾ ਅਰਥ ਇਹ ਨਹੀਂ ਕਿ ਉਸਦੀ ਕਵਿਤਾ ਵਿਚਲੇ ਬਾਕੀ ਛੇ ਰੰਗ ਬੇਰੰਗ ਹਨ। ਸ਼ਿਵ ਦਾ ਕਾਵਿ ਕੌਸ਼ਲ ਇਨ੍ਹਾਂ ਵਿਚੋਂ ਵੀ ਸਾਫ਼ ਨਜ਼ਰੀਂ ਪੈਂਦਾ ਹੈ। ਬਾਕੀ ਦੇ ਛੇ ਰੰਗ ਉਸ ਦੀਆਂ ਮਰਨ ਉਪਰੰਤ ਛਪੀਆਂ ਇਨ੍ਹਾਂ ਦੋਹਾਂ ਪੁਸਤਕਾਂ ਵਿਚੋਂ ਦੇਖੇ ਜਾ ਸਕਦੇ ਹਨ। ਇਨ੍ਹਾਂ ਦੋਹਾਂ ਕਾਵਿ ਸੰਗ੍ਰਹਿਆਂ ਦੇ ਗੀਤ ਬਿਰਹਾ, ਉਦਾਸੀ ਅਤੇ ਦੁੱਖ ਦੇ ਭਾਵਾਂ ਵਾਲੇ ਗੀਤਾਂ ਤੋਂ ਵੱਖਰੇ ਸੁਭਾਣ ਵਾਲੇ ਹਨ। ਇਨ੍ਹਾਂ ਗੀਤਾਂ ਦਾ ਕਵੀ ਇਕ ਲੋਕ ਕਲਾਕਾਰ ਹੈ, ਜਿਚਦੀ ਕਵਿਤਾ ਨੇ ਪਿਆਰ ਭਾਵਨਾ, ਰਾਸ਼ਟਰੀ ਏਕਤਾ, ਦੇਸ਼ ਪ੍ਰੇਮ, ਲੋਕ ਜਾਗ੍ਰਤੀ ਅਤੇ ਪੰਜਾਬੀ ਸਭਿਆਚਾਰ ਅਰਥਾਤ ਪੰਜਾਬੀਅਤ ਵਰਗੇ ਵਿਸ਼ਿਆਂ ਨੂੰ ਪ੍ਰਗਟਾਇਆ ਹੈ।
ਅਰੁਣਾ ਤੇ ਬੱਚੇ ਹੁਣ ਵੀ ਜਦੋਂ ਸ਼ਿਵ ਦੀਆਂ ਇਹ ਸਤਰਾਂ ਪੜ੍ਹਦੇ ਹਨ ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ ਤਾਂ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਖਿੜੇ ਹੋਏ ਫੁੱਲਾਂ ਵਿਚੋਂ ਸ਼ਿਵ ਉਨ੍ਹਾਂ ਨੂੰ ਤੱਕ ਰਿਹਾ ਹੈ ਜਾਂ ਰਾਤ ਪਈ ਉਹ ਤਾਰਾ ਬਣ ਕੇ ਉਨ੍ਹਾਂ ਦੇ ਘਰ ਦੀ ਖਿੜਕੀ ਵਿਚੋਂ ਅੰਦਰ ਵੇਖ ਰਿਹਾ ਹੈ।
ਅਰੁਣ ਦੀ ਮਿਹਨਤ ਰੰਗ ਲਿਆਈ ਹੈ। ਉਸਦੀ ਹਿੰਮਤ ਸਦਕਾ ਹੀ ਅੱਜ ਦੋਵੇਂ ਬੱਚੇ ਪੀ.ਐੱਚ.ਡੀ. ਤੱਕ ਉੱਚ ਵਿੱਦਿਆ ਪ੍ਰਾਪਤ ਕਰ ਸਕੇ ਹਨ। ਉਸ ਨੇ ਸ਼ਿਵ ਨਾਲ ਕੀਤਾ ਵਾਅਦਾ ਪੂਰੀ ਤਰ੍ਹਾਂ ਨਿਭਾਅ ਦਿੱਤਾ ਹੈ। ਬੇਟਾ ਤੇ ਬੇਟੀ ਵੀ ਵਿਆਹ ਲਏ ਹਨ। ਹੁਣ ਘਰ ਵਿਚ ਨੂੰਹ ਜੈਸਮੀਨ ਹੈ ਅਤੇ ਜਵਾਈ ਜੈਦੇਵ। ਪੂਜਾ ਤੇ ਜੈਦੇਵ ਦੀ ਬੇਟੀ ਸ਼ਿਵਾਨੀ ਦੇ ਜਨਮ ਨਾਲ ਅਰੁਣ ਦੇ ਪਰਿਵਾਰ ਨੂੰ ਰੱਬ ਨੇ ਲੱਖਾਂ ਖੁਸ਼ੀਆਂ ਬਖਸ਼ ਦਿੱਤੀਆਂ ਹਨ। ਹੋਰ ਵੀ ਰੱਬ ਦਾ ਦਿੱਤਾ ਸਭ ਕੁਝ ਹੈ, ਜੇ ਥੁੜ੍ਹ ਹੈ ਤਾਂ ਬੱਸ…. ਸ਼ਿਵ ਦੀ….।